ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਲਾਲ ਨਿਸ਼ਾਨ ‘ਤੇ ਖੁੱਲ੍ਹੇ ਅਤੇ ਉਤਰਾਅ-ਚੜ੍ਹਾਅ ਦੀ ਹਾਲਤ ‘ਚ ਦਿਖਾਈ ਦੇ ਰਹੇ ਹਨ। ਬਾਜ਼ਾਰ ਵਿਚ ਇਹ ਦਬਾਅ ਪਿਛਲੇ ਦਿਨ ਪਹਿਲਗਾਮ, ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਵਧੀ ਸੁਰੱਖਿਆ ਚਿੰਤਾਵਾਂ ਕਰਕੇ ਆਇਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ਪਾਕਿਸਤਾਨ ਵਿਰੁੱਧ ਕੋਈ ਵੱਡੀ ਕਾਰਵਾਈ ਕਰ ਸਕਦਾ ਹੈ, ਜਿਸ ਕਾਰਨ ਨਿਵੇਸ਼ਕਾਂ ਵਿਚ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ।
ਕੱਲ੍ਹ ਰਿਹਾ ਉਤਸ਼ਾਹ, ਅੱਜ ਹੈ ਨਰਮੀ
23 ਅਪ੍ਰੈਲ ਨੂੰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ ਸੀ ਅਤੇ ਲਾਭ ਨਾਲ ਬੰਦ ਹੋਇਆ ਸੀ, ਪਰ ਅੱਜ 24 ਅਪ੍ਰੈਲ ਨੂੰ ਨਿਵੇਸ਼ਕ ਸਾਵਧਾਨ ਨਜ਼ਰ ਆ ਰਹੇ ਹਨ। BSE ਸੈਂਸੈਕਸ ਅਤੇ NSE ਨਿਫਟੀ ਦਿਨ ਦੀ ਸ਼ੁਰੂਆਤ ਤੋਂ ਹੀ ਨੀਵਾਂ ਵਪਾਰ ਕਰ ਰਹੇ ਹਨ।
ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਰੁਝਾਨ
- ਜਾਪਾਨ ਦਾ ਨਿੱਕੇਈ 225 ਇੰਡੈਕਸ ਹਰੇ ਨਿਸ਼ਾਨ ‘ਤੇ ਵਪਾਰ ਕਰ ਰਿਹਾ ਹੈ।
- ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ ਅਤੇ ਤਾਈਵਾਨ ਦਾ TAIEX ਲਾਲ ਨਿਸ਼ਾਨ ‘ਚ ਹਨ।
- ਚੀਨ ਦਾ SSE ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਵੀ ਗਿਰਾਵਟ ਨਾਲ ਖੁੱਲ੍ਹੇ ਹਨ।
ਬੈਂਕਿੰਗ ਅਤੇ ਹੋਰ ਇੰਡੈਕਸਾਂ ‘ਚ ਰਾਹਤ
ਨਿਫਟੀ ਬੈਂਕ ਇੰਡੈਕਸ, ਜੋ ਕੱਲ੍ਹ ਦਬਾਅ ਹੇਠ ਸੀ, ਅੱਜ ਹੌਲੀ ਹੌਲੀ ਗ੍ਰੀਨ ਜ਼ੋਨ ਵਿੱਚ ਆ ਗਿਆ ਹੈ। ਨਾਲ ਹੀ ਆਟੋ, ਆਈਟੀ, ਮੈਟਲ ਅਤੇ ਫਾਰਮਾ ਸੈਕਟਰਾਂ ਵਿਚ ਵੀ ਕੁਝ ਹਲਚਲ ਨਜ਼ਰ ਆ ਰਹੀ ਹੈ। ਜੰਮੂ ਐਂਡ ਕਸ਼ਮੀਰ ਬੈਂਕ, ਜਿਸਦੇ ਸ਼ੇਅਰ ਕੱਲ੍ਹ 9% ਡਿੱਗ ਗਏ ਸਨ, ਅੱਜ ਵਾਧੇ ਵਿੱਚ ਵਪਾਰ ਕਰ ਰਹੇ ਹਨ।
ਕੋਣ ਰਹੇ ਘਾਟੇ ‘ਚ
ਲੈਮਨ ਟ੍ਰੀ ਹੋਟਲਜ਼ ਅਤੇ ਇੰਡੀਅਨ ਹੋਟਲਜ਼ ਕੰਪਨੀ ਦੇ ਸ਼ੇਅਰ ਅਜੇ ਵੀ ਦਬਾਅ ਹੇਠ ਹਨ। ਨਿਵੇਸ਼ਕਾਂ ਨੇ ਅਜੇ ਤਕ ਇਨ੍ਹਾਂ ਵਿੱਚ ਭਰੋਸਾ ਨਹੀਂ ਜਤਾਇਆ।
ਮਾਹਿਰਾਂ ਦੀ ਭਵਿੱਖਬਾਣੀ: ਜਲਦੀ ਆ ਸਕਦੀ ਹੈ ਰੀਕਵਰੀ
ਬਜ਼ਾਰ ਵਿਸ਼ਲੇਸ਼ਕਾਂ ਅਨੁਸਾਰ, ਮੌਜੂਦਾ ਗਿਰਾਵਟ ਘਰੇਲੂ ਤਣਾਅ ਕਾਰਨ ਹੋ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਹਾਲਾਤ ਸਧਰਣ ਹੋਣ ‘ਤੇ ਬਾਜ਼ਾਰ ਮੁੜ ਰਫ਼ਤਾਰ ਫੜ ਸਕਦਾ ਹੈ।
ਅੰਤਰਰਾਸ਼ਟਰੀ ਪੱਧਰ ‘ਤੇ ਵੀ ਕੁਝ ਹੌਸਲੇਵਧਾਉਣ ਵਾਲੀਆਂ ਖ਼ਬਰਾਂ ਆਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਚੱਲ ਰਹੇ ਟੈਰਿਫ ਯੁੱਧ ਨੂੰ ਠੰਡਾ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਚੀਨੀ ਦਰਾਮਦਾਂ ‘ਤੇ ਲਾਏ ਟੈਰਿਫ ਵਿੱਚ ਛੋਟ ਦੇਣ ਦੀ ਗੱਲ ਕਹੀ ਹੈ। ਇਹ ਵਿਸ਼ਵ ਬਾਜ਼ਾਰਾਂ ਲਈ ਇੱਕ ਵੱਡੀ ਰਾਹਤ ਵਜੋਂ ਵੇਖੀ ਜਾ ਰਹੀ ਹੈ।