View in English:
April 23, 2025 9:05 pm

ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਅਨਾਜ ਮੰਡੀ ਖੰਨਾ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਲੁਧਿਆਣਾ, ਅਪ੍ਰੈਲ 23

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਕਣਕ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ।

ਮੰਤਰੀ ਨੇ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਹੁਣ ਤੱਕ ਪੰਜਾਬ ਭਰ ਦੀਆਂ ਮੰਡੀਆਂ ਵਿੱਚ 49 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 44.50 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ 5573 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ। ਉਹਨਾਂ ਨੇ ਚੱਲ ਰਹੀ ਖਰੀਦ ਦਾ ਨਿਰੀਖਣ ਕਰਨ ਲਈ ਸੂਬੇ ਦੀਆਂ ਮੰਡੀਆਂ ਦਾ ਦੌਰਾ ਕਰਦਿਆਂ ਪਾਇਆ ਕਿ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋ ਰਹੀ ਹੈ ਕਿਉਂਕਿ ਸੂਬਾ ਸਰਕਾਰ ਨੇ ਵਿਸਤ੍ਰਿਤ ਪ੍ਰਬੰਧ ਯਕੀਨੀ ਬਣਾਏ ਹਨ।

ਕਟਾਰੂਚੱਕ ਨੇ ਕਿਹਾ ਹੈ ਕਿ ਸੂਬੇ ਵਿੱਚ ਇਸ ਸੀਜ਼ਨ ਦੌਰਾਨ ਕਣਕ ਦੀ ਬੰਪਰ ਫਸਲ ਹੋਈ ਹੈ। ਇਸ ਵਾਰ ਪੰਜਾਬ ਕੇਂਦਰੀ ਪੂਲ ਵਿੱਚ 124 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਵੇਗਾ। ਸੂਬਾ ਇਹ ਟੀਚਾ ਨਿਰਵਿਘਨ ਪ੍ਰਾਪਤ ਕਰਨ ਲਈ ਆਸਵੰਦ ਹੈ।

ਉਹਨਾਂ ਕਿਹਾ ਕਿ ਸੁਚਾਰੂ ਖਰੀਦ ਪ੍ਰਕਿਰਿਆ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1864 ਖਰੀਦ ਕੇਂਦਰ ਬਣਾਏ ਗਏ ਹਨ। ਪੂਰੇ ਸੀਜ਼ਨ ਦੌਰਾਨ ਮੰਡੀਆਂ ਵਿੱਚ 8 ਲੱਖ ਕਿਸਾਨਾਂ ਨੇ ਜਿਨਸ ਲੈ ਕੇ ਆਉਣਾ ਹੈ। ਹੁਣ ਤੱਕ 1.5 ਲੱਖ ਕਿਸਾਨ ਆ ਚੁੱਕੇ ਹਨ। ਕਿਸਾਨ ਖੁਸ਼ ਖੁਸ਼ ਮੰਡੀਆਂ ਵਿੱਚੋਂ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲੋਡਿੰਗ ਵਾਲੇ ਮਜ਼ਦੂਰਾਂ ਲਈ 10 ਹਜ਼ਾਰ ਕਰੋੜ ਰੁਪਏ ਇਜ਼ਾਫਾ ਕੀਤਾ ਗਿਆ ਹੈ। ਮਜ਼ਦੂਰਾਂ ਦੇ ਰੇਟ ਰੀਵਾਈਜ਼ ਕੀਤੇ ਹਨ।

ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਹਰ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਨੂੰ ਹਾਲ ਹੀ ਵਿੱਚ ਆਈ ਹਨੇਰੀ, ਸ਼ਾਰਟ ਸਰਕਟ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਟਾਰੂਚੱਕ ਨੇ ਸਪੱਸ਼ਟ ਕੀਤਾ ਕਿ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਉਹ ਖੁਦ ਮੰਡੀਆਂ ਦਾ ਦੌਰਾ ਕਰਕੇ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਖਰੀਦ ਕਾਰਜਾਂ ਨਾਲ ਜੁੜੇ ਸਮੂਹ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਮੰਡੀਆਂ ’ਚ ਕੋਈ ਵੀ ਢਿੱਲ ਮੱਠ ਨਾ ਆਵੇ ਅਤੇ ਕਿਸੇ ਵੀ ਕਿਸਾਨ ਜਾਂ ਆੜ੍ਹਤੀ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਅਨਾਜ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮਜ਼ਦੂਰਾ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖੰਨਾ ਅਨਾਜ ਮੰਡੀ ਮਜ਼ਦੂਰ ਭਾਈਚਾਰੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਧਰਤੀ ਉਂਤੇ ਅਸਲ ਦੇਵਤਾ ਮਜ਼ਦੂਰ ਹਨ ਜੋ ਕਿ ਇੰਨੀ ਮਿਹਨਤ ਮੁਸ਼ੱਕਤ ਨਾਲ ਆਪਣਾ ਪਰਿਵਾਰ ਪਾਲਦੇ ਹਨ। ਉਨ੍ਹਾਂ ਮਜ਼ਦੂਰਾਂ ਦਾ ਫਸਲਾਂ ਦੇ ਮੰਡੀਕਰਨ ਵਿੱਚ ਸਹਿਯੋਗ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਇਨ੍ਹਾਂ ਦੇ ਨਾਲ ਖੜੀ ਹੈ ਅਤੇ ਸੂਬਾ ਸਰਕਾਰ ਨੇ ਇਨ੍ਹਾਂ ਦਾ ਮਿਹਨਤਤਾਨਾ ਸਿਰਫ 1 ਸਾਲ ਵਿੱਚ ਹੀ 2 ਵਾਰ ਵਧਾਇਆ ਹੈ, ਉਨ੍ਹਾਂ ਕਿਹਾ ਕਿ ਪਹਿਲਾ 1 ਰੁਪਏ 80 ਤੋਂ ਵਧਾ ਕੇ 2 ਰੁਪਏ 21 ਪੈਸੇ ਕੀਤਾ ਤੇ ਵੱਧਦੀ ਮਹਿੰਗਾਈ ਤੇ ਆੜ੍ਹਤੀਆਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦਲੇਰਾਨਾ ਫੈਸਲਾ ਲਿਆ ਤੇ 43 ਪੈਸੇ ਦਾ ਹੋਰ ਵਾਧਾ ਕਰਦੇ ਹੋਏ ਇਨ੍ਹਾਂ ਦਾ ਰੇਟ 2 ਰੁਪਏ 64 ਪੈਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਧੇ ਨਾਲ ਲਗਭਗ 10 ਕਰੋੜ ਰੁਪਏ ਦਾ ਲਾਭ ਇਨ੍ਹਾਂ ਮਜ਼ਦੂਰ ਭਾਈਚਾਰੇ ਨੂੰ ਹੋਵੇਗਾ।

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਨਵ ਨਿਯੁਕਤ ਚੇਅਰਮੈਨ ਮਾਰਕੀਟ ਕਮੇਟੀ ਜਗਤਾਰ ਸਿੰਘ ਰਤਨਹੇੜੀ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ (ਪੂਰਬੀ) ਸਿਫਾਲੀ ਚੋਪੜਾ, ਜ਼ਿਲ੍ਹਾ ਮੰਡੀ ਅਫਸਰ ਰਮਨਦੀਪ ਸਿੰਘ, ਸਕੱਤਰ ਮਾਰਕੀਟ ਕਮੇਟੀ ਖੰਨਾ ਕਮਲਦੀਪ ਸਿੰਘ ਮਾਨ, ਆੜ੍ਹਤੀਆਂ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਆੜਤੀਏ ਅਤੇ ਕਿਸਾਨ ਸ਼ਾਮਲ ਸਨ।

Leave a Reply

Your email address will not be published. Required fields are marked *

View in English