ਫੈਕਟ ਸਮਾਚਾਰ ਸੇਵਾ
ਕੋਟਕਪੂਰਾ , ਅਪ੍ਰੈਲ 21
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਹਲਕੇ ਕੋਟਕਪੂਰਾ ਦੀਆਂ ਮੰਡੀਆਂ ਕੋਟਕਪੂਰਾ ਮੁੱਖ ਮੰਡੀ, ਪਿੰਡ ਵਾੜਾ ਦਰਾਕਾ, ਖਾਰਾ, ਕੋਟਸੁਖੀਆ ਅਤੇ ਬੀੜ-ਚਹਿਲ ਆਦਿ ਖਰੀਦ ਕੇਂਦਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮੰਡੀਆਂ ਵਿਚ ਹਾਜਰ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਅਧਕਾਰੀਆਂ ਨਾਲ ਗੱਲਬਾਤ ਵੀ ਕੀਤੀ।
ਮੰਡੀਆਂ ਦੇ ਦੌਰੇ ਦੌਰਾਨ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਜਾਂ ਕਿਸੇ ਹੋਰ ਵਰਗ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਕੇਂਦਰਾਂ ਵਿਚ ਖਰੀਦ, ਪੀਣ ਵਾਲੇ ਪਾਣੀ, ਛਾਂ, ਰੌਸ਼ਨੀ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਵਾਂਗ ਹੀ ਕਿਸਾਨਾਂ ਦੀ ਪੂਰੀ ਫਸਲ ਬਿਨ੍ਹਾ ਕਿਸੇ ਦੇਰੀ ਦੇ ਚੁਕਵਾਏਗੀ। ਉਨ੍ਹਾਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਕਣਕ ਦੀ ਲਿਫਟਿੰਗ ਵਿਚ ਕੋਈ ਦੇਰੀ ਨਾ ਕੀਤੀ ਜਾਵੇ। ਕਿਸਾਨਾਂ ਨੂੰ ਖਰੀਦੀ ਫਸਲ ਦੀ ਅਦਾਇਗੀ ਨਾਲੋ-ਨਾਲ ਕੀਤੀ ਜਾਵੇ। ਇਸ ਮੌਕੇ ਕਿਸਾਨਾਂ ਅਤੇ ਅੜ੍ਹਤੀਆਂ ਨੇ ਸਪੀਕਰ ਨਾਲ ਗੱਲਬਾਤ ਸਮੇਂ ਖਰੀਦ ਪ੍ਰਬੰਧਾ ਸਬੰਧੀ ਸੰਤੁਸ਼ਟੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਈ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਇਸ ਦੇ ਲਈ ਧੰਨਵਾਦ ਕੀਤਾ।
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਕਟਾਈ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 07.00 ਵਜੇ ਤੱਕ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਕਣਕ ਦੀ ਕਟਾਈ ਤੱਕ ਨਾ ਚਲਾਈਆਂ ਜਾਣ, ਕਿਉਂਕਿ ਜਦੋਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ ਤਾਂ ਸਪਾਰਕਿੰਗ ਹੋਣ ਕਾਰਨ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਨਾਲ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਹਨ ਅਤੇ ਖੜ੍ਹੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਮੀਤ ਸਿੰਘ ਆਰੇਵਾਲਾ, ਸੁਖਵੰਤ ਸਿੰਘ ਪੱਕਾ, ਸਿਮਰਨਜੀਤ ਸਿੰਘ ਐਮਸੀ, ਜਗਤਾਰ ਸਿੰਘ ਸਰਪੰਚ, ਵਿੱਕੀ ਸਹੋਤਾ, ਅੰਗਰੇਜ ਬਰਾੜ ਸਰਪੰਚ ਆਦਿ ਹਾਜਰ ਸਨ।