ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਮਾਰਚ 28
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਸਪੈਸ਼ਲ ਡੀਜੀਪੀ (ਲਾਅ ਤੇ ਆਰਡਰ) ਅਰਪਿਤ ਸ਼ੁਕਲਾ ਨਾਲ ਮੁਲਾਕਾਤ ਕਰਕੇ ਮੰਡੀ ਬੋਰਡ ਦੇ ਚੀਫ਼ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਵੱਲੋਂ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅਕਾਲੀ ਆਗੂ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਭੰਗੂ ਨੇ ਐਡਵੋਕੇਟਰ ਕਲੇਰ ਨੂੰ ਫੋਨ ਕਰਕੇ ਉਹਨਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਦਿਆਂ ਪੰਜਾਹ ਲੋਕਾਂ ਦੇ ਕਤਲ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਸ਼ੁਕਲਾ ਦੇ ਧਿਆਨ ਵਿਚ ਲਿਆਂਦਾ ਕਿ ਚੀਫ਼ ਇੰਜੀਨੀਅਰ ਨੇ ਚਾਰ ਲੋਕਾਂ ਦੇ ਕਤਲ ਬਾਕੀ ਹੋਣ ਅਤੇ ਪੰਜਵਾਂ ਕਤਲ ਉਹਨਾਂ (ਕਲੇਰ) ਦਾ ਕਰਨ ਦੀ ਧਮਕੀ ਦਿੱਤੀ। ਐਡਵੋਕੇਟ ਕਲੇਰ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਕਹਿਣ ’ਤੇ ਪੰਥਕ ਏਕਤਾ ਬਾਰੇ ਬਹਿਸ ਵਿਚ ਹਿੱਸਾ ਲਿਆ ਸੀ। ਉਹਨਾਂ ਕਿਹਾ ਕਿ ਬਹਿਸ ਦੌਰਾਨ ਉਹਨਾਂ ਨੇ ਬਾਗੀ ਅਕਾਲੀ ਆਗੂ ਦੇ ਧੜੇ ਵੱਲੋਂ ਪੰਜਾਬ ਮੰਡੀ ਬੋਰਡ ਦੇ ਦਫਤਰ ਵਿਚ ਅਕਾਲੀ ਦਲ ਦੇ ਖ਼ਿਲਾਫ਼ ਮੀਟਿੰਗਾਂ ਕਰ ਕੇ ਸਾਜ਼ਿਸ਼ਾਂ ਰਚਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹਿਸ ਤੋਂ ਤੁਰੰਤ ਬਾਅਦ ਜਤਿੰਦਰ ਭੰਗੂ ਨੇ ਉਹਨਾਂ ਨੂੰ ਫੋਨ ਕੀਤਾ ਤੇ ਆਖਿਆ ਕਿ ਉਹ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਵਿਅਕਤੀ ਦੇ ਸਾਥੀ ਹਨ ਅਤੇ ਉਹ ਉਸ ਨੂੰ ਮਰਵਾ ਦੇਣਗੇ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਮਾਮਲਾ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਕੱਟੜਵਾਦੀ ਤਾਕਤਾਂ ਦਰਮਿਆਨ ਟਕਰਾਅ ਦਾ ਸਿੱਧਾ ਨਤੀਜਾ ਹੈ ਜਿਹਨਾਂ ਦਾ ਉਦੇਸ਼ ਅਕਾਲੀ ਦਲ ਨੂੰ ਆਗੂ ਵਿਹੂਣਾ ਕਰਨਾ ਹੈ।
ਉਹਨਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਅਕਾਲੀ ਦਲ ਦੇ ਖ਼ਿਲਾਫ਼ ਸਾਜ਼ਿਸ਼ਾਂ ਰਚਣ ਵਾਸਤੇ ਮੰਡੀ ਬੋਰਡ ਦੇ ਦਫਤਰ ਦੀ ਵਰਤੋਂ ਦੀ ਆਗਿਆ ਕਿਉਂ ਦਿੱਤੀ ਜਾ ਰਹੀ ਹੈ।