ਓਟਾਵਾ : ਮਾਰਕ ਕਾਰਨੀ ਨੇ ਓਟਾਵਾ ਵਿੱਚ ਸਹੁੰ ਚੁੱਕ ਸਮਾਗਮ ਦੇ ਨਾਲ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ। ਮਾਰਕ ਕਾਰਨੀ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਦਾ ਸਫ਼ਰ ਕਈ ਤਰੀਕਿਆਂ ਨਾਲ ਵਿਲੱਖਣ ਹੈ। ਉਹ ਪਹਿਲੇ ਪ੍ਰਧਾਨ ਮੰਤਰੀ ਬਣੇ ਜਿਨ੍ਹਾਂ ਨੇ ਹਾਊਸ ਆਫ਼ ਕਾਮਨਜ਼ ਜਾਂ ਸੈਨੇਟ ਵਿੱਚ ਕੋਈ ਸੀਟ ਨਹੀਂ ਜਿੱਤੀ, ਸਿਵਾਏ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਨਿਯੁਕਤ ਕੀਤਾ ਗਿਆ ਸੀ। ਜਿਵੇਂ ਹੀ ਲਿਬਰਲ ਪਾਰਟੀ ਦੇ ਅੰਦਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਾਣ ਦੀ ਚਰਚਾ ਤੇਜ਼ ਹੋਈ, ਪਾਰਟੀ ਮੈਂਬਰਾਂ ਨੇ ਕਾਰਨੇ ਨੂੰ ਭਾਰੀ ਬਹੁਮਤ ਨਾਲ ਨੇਤਾ ਚੁਣਿਆ। ਇਸ ਤੋਂ ਸਿਰਫ਼ ਪੰਜ ਦਿਨ ਬਾਅਦ, ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਹਾਲਾਂਕਿ, ਇਹ ਸਰਕਾਰ ਜ਼ਿਆਦਾ ਦੇਰ ਤੱਕ ਨਹੀਂ ਚੱਲਣ ਵਾਲੀ ਹੈ ਕਿਉਂਕਿ ਅਗਲੇ ਕੁਝ ਹਫ਼ਤਿਆਂ ਵਿੱਚ ਚੋਣਾਂ ਦਾ ਐਲਾਨ ਹੋਣ ਦੀ ਉਮੀਦ ਹੈ।
ਮੰਤਰੀ ਮੰਡਲ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ
ਕਾਰਨੀ ਨੇ ਆਪਣੀ ਕੈਬਨਿਟ ਟਰੂਡੋ ਨਾਲੋਂ ਛੋਟੀ ਰੱਖੀ ਹੈ, ਜਿਸ ਵਿੱਚ ਕੁੱਲ 24 ਮੰਤਰੀ ਹਨ। ਉਨ੍ਹਾਂ ਨੇ ਫ੍ਰਾਂਸੋਆ-ਫਿਲਿਪ ਸ਼ੈਂਪੇਨ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ ਹੈ, ਜਦੋਂ ਕਿ ਡੋਮਿਨਿਕ ਲੇਬਲੈਂਕ ਨੂੰ ਅੰਤਰਰਾਸ਼ਟਰੀ ਵਪਾਰ ਮੰਤਰਾਲਾ ਦਿੱਤਾ ਗਿਆ ਹੈ। ਮੇਲਾਨੀ ਜੋਲੀ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਬਰਕਰਾਰ ਰੱਖਿਆ ਗਿਆ ਹੈ, ਅਤੇ ਡੇਵਿਡ ਮੈਕਗਿੰਟੀ ਨੂੰ ਜਨਤਕ ਸੁਰੱਖਿਆ ਦਾ ਚਾਰਜ ਦਿੱਤਾ ਗਿਆ ਹੈ। ਵਾਤਾਵਰਣ ਮੰਤਰੀ ਸਟੀਵਨ ਗਿਲਬੌਲਟ ਨੂੰ ਕੈਨੇਡਾ ਦੇ “ਸੱਭਿਆਚਾਰ ਅਤੇ ਪਛਾਣ” ਦੇ ਇੱਕ ਨਵੇਂ ਪੋਰਟਫੋਲੀਓ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਦਯੋਗ ਮੰਤਰਾਲੇ ਦੀ ਜ਼ਿੰਮੇਵਾਰੀ ਅਨੀਤਾ ਆਨੰਦ ਨੂੰ ਸੌਂਪ ਦਿੱਤੀ ਗਈ ਹੈ।
ਟਰੰਪ ਨਾਲ ਟਕਰਾਅ ਪੱਕਾ?
ਕਾਰਨੀ ਅਜਿਹੇ ਸਮੇਂ ਪ੍ਰਧਾਨ ਮੰਤਰੀ ਬਣੇ ਹਨ ਜਦੋਂ ਅਮਰੀਕਾ ਅਤੇ ਕੈਨੇਡਾ ਦੇ ਸਬੰਧ ਸ਼ਾਇਦ ਸਭ ਤੋਂ ਨਾਜ਼ੁਕ ਹਨ। ਡੋਨਾਲਡ ਟਰੰਪ ਨੇ ਕਈ ਕੈਨੇਡੀਅਨ ਉਤਪਾਦਾਂ ‘ਤੇ ਭਾਰੀ ਟੈਰਿਫ ਲਗਾਏ ਹਨ, ਜਿਸ ਨਾਲ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੈਨੇਡਾ ਨੇ ਵੀ ਜਵਾਬੀ ਟੈਰਿਫ ਲਗਾਏ ਹਨ, ਪਰ ਇਸ ਤਣਾਅ ਦਾ ਅਰਥਚਾਰੇ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਵਰਗੀਆਂ ਵਿਵਾਦਪੂਰਨ ਗੱਲਾਂ ਖੁੱਲ੍ਹ ਕੇ ਕਹੀਆਂ ਹਨ।