View in English:
March 14, 2025 10:52 pm

ਫੋਰਟਿਸ ਮੋਹਾਲੀ ਨੇ ਸਹਾਇਕ ਗਰੁੱਪ ਨਾਲ ਵਿਸ਼ਵ ਕਿਡਨੀ ਦਿਵਸ ਮਨਾਇਆ

ਫੈਕਟ ਸਮਾਚਾਰ ਸੇਵਾ

ਮੋਹਾਲੀ, ਮਾਰਚ 13

ਕਿਡਨੀ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਫੋਰਟਿਸ ਹਸਪਤਾਲ, ਮੋਹਾਲੀ ਨੇ ਵਿਸ਼ਵ ਕਿਡਨੀ ਦਿਵਸ ਦੇ ਮੌਕੇ ’ਤੇ ਸਹਾਇਕ – (ਡਾਇਲਸਿਸ ਮਰੀਜ਼ਾਂ ਲਈ ਸਹਾਇਤਾ ਗਰੁੱਪ) ਨਾਲ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ। ਇਸ ਦੌਰਾਨ ਫੋਰਟਿਸ ਹਸਪਤਾਲ, ਮੋਹਾਲੀ ਦੇ ਸੀਨੀਅਰ ਨੈਫਰੋਲੋਜਿਸਟ ਡਾ. ਅਮਿਤ ਸ਼ਰਮਾ ਨੇ ਕਿਡਨੀ ਦੀਆਂ ਬਿਮਾਰੀਆਂ ਦੀ ਰੋਕਥਾਮ ਵਿੱਚ ਸਮੇਂ ਸਿਰ ਪਛਾਣ ਅਤੇ ਜਾਂਚ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਹਰ ਸਾਲ ਮਾਰਚ ਦੇ ਦੂਜੇ ਵੀਰਵਾਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਕਿਡਨੀ ਦਿਵਸ ਦਾ ਵਿਸ਼ਾ ਹੈ – ‘‘ਕੀ ਤੁਹਾਡੀ ਕਿਡਨੀਆਂ ਠੀਕ ਹਨ? ਉਨ੍ਹਾਂ ਦੀ ਜਲਦੀ ਜਾਂਚ ਕਰਵਾਓ, ਆਪਣੀ ਕਿਡਨੀਆਂ ਦੀ ਸਿਹਤ ਨੂੰ ਬਚਾਓ।’’ ਇਸ ਸਮਾਗਮ ਦਾ ਉਦੇਸ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਡਨਂ ਦੀ ਸਿਹਤ ਬਣਾਈ ਰੱਖਣ ਦੇ ਡਾਕਟਰੀ, ਖੁਰਾਕ ਅਤੇ ਮਾਨਸਿਕ ਪਹਿਲੂਆਂ ਬਾਰੇ ਸਿੱਖਿਅਤ ਕਰਨਾ ਸੀ।

ਇਸ ਸੈਸ਼ਨ ਵਿੱਚ ਲਗਭਗ 35 ਡਾਇਲਸਿਸ ਮਰੀਜ਼ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਡਾ. ਸ਼ਰਮਾ ਨੇ ਇੱਕ ਇੰਟਰਐਕਟਿਵ ਚਰਚਾ ਦੀ ਅਗਵਾਈ ਕੀਤੀ, ਜਿਸ ਵਿੱਚ ਭਾਗੀਦਾਰਾਂ ਨੂੰ ਕਿਡਨੀ ਦੀ ਸਿਹਤ ਬਾਰੇ ਗਿਆਨ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਇੱਕ ਕੁਇਜ਼ ਮੁਕਾਬਲਾ ਵੀ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਕ੍ਰੋਨਿਕ ਕਿਡਨੀ ਡਿਜ਼ੀਜ਼ (ਸੀਕੇਡੀ) ਦੇ ਮਾਮਲਿਆਂ ਨੂੰ ਜੋਖਮ ਦੇ ਕਾਰਕਾਂ ਦੀ ਪਛਾਣ ਕਰਕੇ, ਸ਼ੁਰੂਆਤੀ ਲੱਛਣਾਂ ਅਤੇ ਸਮੇਂ ਸਿਰ ਇਲਾਜ ਕਰਕੇ ਘਟਾਇਆ ਜਾ ਸਕਦਾ ਹੈ।

ਡਾ. ਸ਼ਰਮਾ ਨੇ ਕਿਹਾ ਕਿ ਸੀਕੇਡੀ ਦੁਨੀਆ ਦੀ ਲਗਭਗ 10 ਪ੍ਰਤੀਸ਼ਤ ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਵਿੱਚੋਂ 80 ਪ੍ਰਤੀਸ਼ਤ ਮਾਮਲੇ ਘੱਟ ਅਤੇ ਘੱਟ-ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ। ਇਸ ਬਿਮਾਰੀ ਦੇ 35 ਪ੍ਰਤੀਸ਼ਤ ਮਾਮਲੇ ਇਕੱਲੇ ਭਾਰਤ ਅਤੇ ਚੀਨ ਵਿੱਚ ਦਰਜ ਕੀਤੇ ਗਏ ਹਨ। ਸੀਕੇਡੀ ਦੀਆਂ ਵਧਦੀਆਂ ਘਟਨਾਵਾਂ ਦੇ ਮੁੱਖ ਕਾਰਨ ਵਧਦੀ ਉਮਰ, ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਵਾਤਾਵਰਣ ਪ੍ਰਦੂਸ਼ਣ ਅਤੇ ਜ਼ਹਿਰੀਲੇ ਤੱਤਾਂ ਦੇ ਸੰਪਰਕ ਵਿੱਚ ਆਉਣਾ ਹਨ। ਇਸ ਲਈ, ਕਿਡਨੀਆਂ ਦੀ ਨਿਯਮਤ ਅਤੇ ਸਮੇਂ ਸਿਰ ਜਾਂਚ ਬਹੁਤ ਜ਼ਰੂਰੀ ਹੈ।

ਜਿਨ੍ਹਾਂ ਲੋਕਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਮੋਟਾਪਾ, ਕਿਡਨੀ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ, ਵਾਰ-ਵਾਰ ਕਿਡਨੀ ਦੀ ਪੱਥਰੀ, ਜਮਾਂਦਰੂ ਕਿਡਨੀ ਦੀਆਂ ਸਮੱਸਿਆਵਾਂ, ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ਵਿੱਚ ਆਉਣਾ, ਜਾਂ ਕੁਝ ਇੰਨਫੈਕਸ਼ਨ (ਜਿਵੇਂ ਕਿ ਹੈਪੇਟਾਈਟਸ ਬੀ, ਸੀ, ਐੱਚਆਈਵੀ ਅਤੇ ਪਰਜੀਵੀ) ਹਨ, ਉਨ੍ਹਾਂ ਨੂੰ ਕਿਡਨੀ ਦੀ ਬਿਮਾਰੀ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ।

ਕਿਡਨੀ ਦੀ ਸਿਹਤ ਲਈ ਇਹਨਾਂ 8 ਗੋਲਡਨ ਰੂਲਸ ਦੀ ਪਾਲਣਾ ਕਰੋ, ਜਿਵੇਂ ਕਿ ਸਿਹਤਮੰਦ ਖੁਰਾਕ ਖਾਓ, ਕਾਫ਼ੀ ਪਾਣੀ ਪੀਓ, ਨਿਯਮਿਤ ਤੌਰ ’ਤੇ ਕਸਰਤ ਕਰੋ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ, ਬਲੱਡ ਸ਼ੂਗਰ ਦੀ ਨਿਗਰਾਨੀ ਕਰੋ, ਸਿਗਰਟਨੋਸ਼ੀ ਤੋਂ ਬਚੋ, ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਸੀਮਤ ਕਰੋ, ਜੋਖਮ ਵਾਲੇ ਲੋਕਾਂ ਲਈ ਨਿਯਮਿਤ ਕਿਡਨੀ ਫੰਕਸ਼ਨ ਟੈਸਟ ਕਰਵਾਓ।

ਉਨ੍ਹਾਂ ਨੇ ਕਿਹਾ ਕਿ ਜਦੋਂ ਕਿਡਨੀ ਖਰਾਬ ਹੋ ਜਾਂਦੀ ਹੈ, ਤਾਂ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਇਸਦੀ ਕਾਰਜਸ਼ੀਲਤਾ 80-90 ਪ੍ਰਤੀਸ਼ਤ ਤੱਕ ਖਤਮ ਹੋ ਸਕਦੀ ਹੈ। ਇਸ ਲਈ, ਨਿਯਮਤ ਪਿਸ਼ਾਬ ਟੈਸਟ, ਗਲੋਮੇਰੂਲਰ ਫਿਲਟਰੇਸ਼ਨ ਰੇਟ ਟੈਸਟ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣਾ ਮਹੱਤਵਪੂਰਨ ਹੈ।

ਜਲਦੀ ਪਤਾ ਲਗਾਉਣ ਨਾਲ ਬਿਮਾਰੀ ਦੇ ਵਧਣ ਨੂੰ ਹੌਲੀ ਕੀਤਾ ਜਾ ਸਕਦਾ ਹੈ, ਪੇਚੀਦਗੀਆਂ ਅਤੇ ਮੌਤ ਦਰ ਘੱਟ ਕੀਤੀ ਜਾ ਸਕਦੀ ਹੈ, ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਡਾਕਟਰੀ ਖਰਚੇ ਘਟਾਏ ਜਾ ਸਕਦੇ ਹਨ।

ਫੋਰਟਿਸ ਹਸਪਤਾਲ ਮੋਹਾਲੀ ਕਿਡਨੀ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਅਤੇ ਸਿੱਖਿਆ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ।

Leave a Reply

Your email address will not be published. Required fields are marked *

View in English