View in English:
March 12, 2025 7:59 pm

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਪਹਿਲੇ ਦਿਨ ਦੇ ਮੁਕਾਬਲਿਆਂ ਚੋਂ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ

ਸ਼੍ਰੀ ਅਨੰਦਪੁਰ ਸਾਹਿਬ 11 ਮਾਰਚ ()
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਰੂਪਨਗਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਵਿੱਚ ਅਸਰਦਾਰ ਭੂਮਿਕਾ ਨਿਭਾਅ ਰਹੀਆਂ ਹਨ। ਵਿਰਾਸਤੀ ਮਾਰਸ਼ਲ ਆਰਟ ਗੱਤਕਾ ਅੱਜ ਦੇਸ਼ਾਂ-ਵਿਦੇਸ਼ਾਂ ਵਿੱਚ ਪ੍ਰਚਲਿਤ ਹੋ ਚੁੱਕਾ ਹੈ ਜਿਸ ਕਰਕੇ ਨੌਜਵਾਨਾਂ ਦਾ ਵਿਰਾਸਤੀ ਖੇਡਾਂ ਵੱਲ ਵੀ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ ਅਤੇ ਇਹ ਖੇਡਾਂ ਵਿਰਾਸਤੀ ਸੰਭਾਲ ਤੇ ਸਵੈ-ਰੱਖਿਆ ਲਈ ਪ੍ਰੇਰਿਤ ਕਰ ਰਹੀਆਂ ਹਨ।

ਅੱਜ ਇੱਥੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਸ਼ੁਰੂ ਹੋਈਆਂ ਵਿਰਾਸਤੀ ਖੇਡਾਂ ਦੇ ਪਹਿਲੇ ਦਿਨ ਦੇ ਜੇਤੂਆਂ ਨੂੰ ਇਨਾਮ ਵੰਡਣ ਮੌਕੇ ਗੱਤਕਾ ਪ੍ਰਮੋਟਰ ਸ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਵਿਰਾਸਤੀ ਖੇਡਾਂ ਵਿਚ ਜੰਗਜੂ ਕਲਾ ਗੱਤਕਾ ਪ੍ਰਦਰਸ਼ਨੀਆਂ, ਗੱਤਕਾ ਸੋਟੀ-ਫੱਰੀ ਮੁਕਾਬਲੇ, ਤੀਰ ਅੰਦਾਜ਼ੀ ਅਤੇ ਕਿੱਲਾ ਪੁੱਟਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਝਲਕ ਦਰਸਾਉਂਦੇ ਲੁੱਡੀ, ਭੰਗੜਾ ਤੇ ਹੋਰ ਪੇਸ਼ਕਾਰੀਆਂ ਨੇ ਵੀ ਰੰਗ ਬੰਨਿਆ। ਪਹਿਲੇ ਦਿਨ ਹੋਏ ਦਸਤਾਰ ਮੁਕਾਬਲਿਆਂ ਵਿਚ ਨੌਜਵਾਨ ਲੜਕੇ ਤੇ ਲੜਕੀਆਂ ਨੇ ਭਰਪੂਰ ਰੁਚੀ ਦਿਖਾਈ। ਢਾਡੀ ਵਾਰਾਂ ਤੇ ਕਵੀਸ਼ਰੀ ਜਥਿਆਂ ਨੇ ਸਰੋਤਿਆਂ ਨੂੰ ਕੀਲ ਕੇ ਰੱਖਿਆ। ਉੱਨਾਂ ਕਿਹਾ ਕਿ ਅਜਿਹੇ ਵਿਰਾਸਤੀ ਸਮਾਰੋਹ ਨੌਜਵਾਂਨਾਂ ਨੂੰ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਸਹਾਈ ਹੁੰਦੇ ਹਨ।
ਇਸ ਮੌਕੇ ਗੱਤਕਾ ਮੁਕਾਬਲਿਆਂ ਵਿੱਚ ਪ੍ਰਥਮ ਸਹਾਏ ਗੱਤਕਾ ਅਖਾੜਾ ਲੁਧਿਆਣਾ ਨੇ ਪਹਿਲਾ ਸਥਾਨ, ਬਾਬਾ ਬੁੱਢਾ ਜੀ ਗੱਤਕਾ ਅਖਾੜਾ ਡੱਡੂਮਾਜਰਾ, ਚੰਡੀਗੜ੍ਹ ਨੇ ਦੂਸਰਾ ਸਥਾਨ ਤੇ ਬਾਬਾ ਜੀਵਨ ਸਿੰਘ ਗੱਤਕਾ ਅਖਾੜਾ ਮੋਰਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਕਿਰਪਾਨ ਫਰਾਈ ਵਿੱਚ ਜਗਦੇਵ ਸਿੰਘ ਪਹਿਲਾ ਸਥਾਨ, ਸਤਵੰਤ ਸਿੰਘ ਦੂਜਾ ਸਥਾਨ ਤੇ ਜਗਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਚੱਕਰ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਤੇ ਹਸਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ, ਫਰੀ-ਸੋਟੀ ਮੁਕਾਬਲਿਆਂ (ਲੜਕੇ) ਵਿੱਚ ਜਗਦੇਵ ਸਿੰਘ ਪਹਿਲਾ ਸਥਾਨ, ਅਮਨਦੀਪ ਸਿੰਘ ਦੂਸਰਾ ਸਥਾਨ ਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸਿੰਗਲ ਸੋਟੀ (ਲੜਕੇ) ਵਿੱਚ ਰਾਜਵੀਰ ਸਿੰਘ ਪਹਿਲਾ ਸਥਾਨ, ਜਸਪ੍ਰੀਤ ਸਿੰਘ ਦੂਸਰਾ ਸਥਾਨ ਤੇ ਰਿਸ਼ਵਜੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਸ਼ਤਰ ਪ੍ਰਦਰਸ਼ਨ (ਟੀਮ) ਵਿੱਚ ਲੁਧਿਆਣਾ ਦੇ ਟੀਮ ਪਹਿਲੇ, ਡੱਡੂ ਮਾਜਰਾ ਦੀ ਦੂਜੇ, ਮੋਰਿੰਡਾ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਤੀਜੇ ਸਥਾਨ ਤੇ ਰਹੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ, ਐਸਡੀਐਮ ਜਸਪ੍ਰੀਤ ਸਿੰਘ, ਐਸਡੀਐਮ ਸੁਖਪਾਲ ਸਿੰਘ, ਡੀਡੀਪੀਓ ਧਨਵੰਤ ਸਿੰਘ ਰੰਧਾਵਾ, ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਹਰਜੀਤਪਾਲ ਸਿੰਘ, ਜਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਬੀਡੀਪੀਓ ਇਸ਼ਾਨ ਚੌਧਰੀ, ਮਨਜੀਤ ਕੌਰ, ਸਰਬਜੀਤ ਕੌਰ, ਮੰਚ ਸੰਚਾਲਕ ਗੁਰਮਿੰਦਰ ਸਿੰਘ ਭੁੱਲਰ, ਰਣਜੀਤ ਸਿੰਘ ਐਨ.ਸੀ.ਸੀ ਅਫਸਰ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

View in English