ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਫਰਵਰੀ 28
ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੌਸਮ ਵਿਭਾਗ ਨੇ ਅੱਜ ਹਰਿਆਣਾ ਦੇ 8 ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ਵਿਚ ਕਰਨਾਲ, ਯਮੁਨਾਨਗਰ, ਜੀਂਦ, ਪਾਣੀਪਤ, ਕੈਥਲ, ਕੁਰੂਕਸ਼ੇਤਰ, ਅੰਬਾਲਾ ਅਤੇ ਪੰਚਕੂਲਾ ਸ਼ਾਮਿਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਪੰਜਾਬ ਦੇ 8 ਜ਼ਿਲ੍ਹਿਆਂ ਵਿਚ ਮੀਂਹ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਐਸ.ਏ.ਐਸ. ਨਗਰ ਅਤੇ ਰੂਪਨਗਰ ਸ਼ਾਮਿਲ ਹਨ।
ਇਸ ਦੇ ਨਾਲ ਹੀ ਪਿਛਲੇ 3 ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ ਅਤੇ ਹੇਠਲੇ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਇਸ ਕਾਰਨ ਪੂਰਾ ਲਾਹੌਲ-ਸਪਿਤੀ ਜ਼ਿਲ੍ਹਾ, ਚੰਬਾ ਦਾ ਪਾਂਗੀ ਅਤੇ ਕਿਨੌਰ ਜ਼ਿਲ੍ਹੇ ਦਾ ਆਪਸੀ ਸੰਪਰਕ ਕੱਟ ਗਿਆ ਹੈ।