View in English:
February 23, 2025 3:46 am

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਦੀ ਸਖ਼ਤ ਸਜ਼ਾ ਦਾ ਕਾਨੂੰਨ ਬਨਾਉਣ ਦੀ ਪ੍ਰਕਿਰਿਆ ਹੋਈ ਆਰੰਭ

*ਅਮਨ ਅਰੋੜਾ ਵੱਲੋਂ ਕਰਵਾਈ ਮੀਟਿੰਗ ‘ਚ ਗ੍ਰਹਿ ਸਕੱਤਰ ਨੇ ਟਹਿਲ ਸੇਵਾ ਲਹਿਰ ਦੇ ਵਫਦ ਨੂੰ ਦਿੱਤੀ ਜਾਣਕਾਰੀ

ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ ਬਣੀਆਂ ਹੋਈਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਸਲੇ ਦਾ ਸਦੀਵੀ ਹੱਲ ਕਰਨ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੰਜੀਦਗੀ ਨਾਲ ਉਧਮ ਆਰੰਭੇ ਗਏ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਪਿਛਲੇ ਦਿਨੀਂ ਸਿੱਖ ਜਥੇਬੰਦੀਆਂ ਨਾਲ ਹੋਈ ਮਿਲਣੀ ਤੋਂ ਬਾਅਦ ਦਿੱਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਪੰਜਾਬ ਦੇ ਗ੍ਰਹਿ ਵਿਭਾਗ ਨੇ ਸਖ਼ਤ ਕਨੂੰਨ ਬਣਾਉਣ ਦੀ ਪ੍ਰਕਿਰਿਆ ਤੇ ਕੰਮ ਕਰਨਾ ਆਰੰਭ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਦੇ ਗ੍ਰਹਿ ਸਕੱਤਰ ਸ. ਗੁਰਕੀਰਤ ਕ੍ਰਿਪਾਲ ਸਿੰਘ ਨੇ ਅੱਠੇ ਪਹਿਰ ਟਹਿਲ ਸੇਵਾ ਲਹਿਰ, ਸ੍ਰੀ ਅਨੰਦਪੁਰ ਸਾਹਿਬ ਦੇ ਵਫਦ ਨਾਲ ਸਾਂਝੀ ਕੀਤੀ, ਮੀਟਿੰਗ ਦਾ ਵਿਸਥਾਰ ਸਾਂਝਾ ਕਰਦੇ ਹੋਏ, ਟਹਿਲ ਸੇਵਾ ਲਹਿਰ ਦੇ ਮੁੱਖ ਸੇਵਾਦਾਰ, ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 20 ਮਿੰਟ ਤੱਕ ਚੱਲੀ ਇਸ ਮੀਟਿੰਗ ਵਿੱਚ ਜਿੱਥੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਸਖ਼ਤ ਕਨੂੰਨ ਬਣਾਉਣ ਦੀ ਸ਼ੁਰੂ ਹੋ ਚੁੱਕੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ,

ਉੱਥੇ ਹੀ ਵਫ਼ਦ ਵੱਲੋਂ ਮੁਲਕ ਦੇ ਵੱਖੋ-ਵੱਖ ਸੂਬਿਆਂ ਵੱਲੋਂ ਆਪਣੇ ਰਾਜ ਵਿੱਚ, ਸੂਬੇ ਦੇ ਲੋਕਾਂ ਦੀ ਆਸਥਾ ਅਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਏ ਗਏ ‘ਗਊਵੰਸ਼ ਵਧ ਪ੍ਰਤੀਸ਼ੇਧ ਐਕਟ’, ‘ਧਰਮ ਵਿਧੀ ਵਿਰੁੱਧ ਧਰਮ ਪਰਿਵਰਤਨ ਪ੍ਰਤੀਸ਼ੇਧ ਅਧਿਨਿਯਮ’ ਅਤੇ ‘ਪੰਜਾਬ ਗਊਵਧ ਪ੍ਰਤੀਸ਼ੇਧ ਐਕਟ 1955’ ਵਰਗੇ ਕਾਨੂੰਨਾਂ ਨਾਲ ਸਬੰਧਿਤ ਦਸਤਾਵੇਜ ਗ੍ਰਹਿ ਸਕੱਤਰ ਨੂੰ ਭੇਟ ਕੀਤੇ ਗਏ ਅਤੇ ਏਸੇ ਤਰਜ਼ ਤੇ ਪੰਜਾਬ ਦੀ ਜਨਤਾ ਦੀਆਂ ਧਾਰਮਿਕ ਭਾਵਨਾਵਾਂ, ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸੂਬੇ ਦੀ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀਆਂ ਰੋਕਣ ਲਈ ਸਖ਼ਤ ਸਜ਼ਾ ਦਾ ਕਾਨੂੰਨ ਲਿਆਉਣ ਦੀ ਵਕਾਲਤ ਕੀਤੀ ਗਈ।


ਪੰਜਾਬ ਦੇ ਸਨਹਿਰੇ ਭਵਿੱਖ ਲਈ ਹੋਈ ਇਸ ਵਿਸ਼ੇਸ਼ ਇਕੱਤਰਤਾ ਵਿੱਚ ਪ੍ਰਧਾਨ ਅਮਨ ਅਰੋੜਾ ਦੇ ਪੁਰਾਣੇ ਸੰਘਰਸ਼ਸ਼ੀਲ ਸਾਥੀ, ਆਮ ਆਦਮੀ ਪਾਰਟੀ, ਜਿਲ੍ਹਾ ਪਠਾਨਕੋਟ ਦੇ ਸਾਬਕਾ ਰਵਿੰਦਰ ਕੁਮਾਰ ਭੱਲਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਹਨਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਹਨ, ਦੁਸ਼ਟ ਲੋਕਾਂ ਵੱਲੋਂ ਉਨ੍ਹਾਂ ਦੀਆਂ ਕਰਵਾਈਆਂ ਜਾ ਰਹੀਆਂ ਬੇਅਦਬੀਆਂ ਹਿਰਦੇ-ਵੇਧਕ ਹਨ, ਇਹਨਾਂ ਨੂੰ ਰੋਕਣ ਲਈ ਅਨਮ ਅਰੋੜਾ ਵੱਲੋਂ ਕੀਤੇ ਜਾ ਰਹੇ ਉਧਮ ਸ਼ਲਾਘਾਯੋਗ ਹਨ।
ਇਸ ਵਫਦ ਵਿੱਚ ਭਾਈ ਲਖਵਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਜਸਵੀਰ ਸਿੰਘ ਖਾਲਸਾ, ਭਾਈ ਜਸਵਿੰਦਰ ਸਿੰਘ ਕਥਾਵਾਚਕ, ਭਾਈ ਅਮਰੀਕ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਜਤਿੰਦਰ ਸਿੰਘ ਅਤੇ ਭਾਈ ਲਵਜੋਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *

View in English