ਫੈਕਟ ਸਮਾਚਾਰ ਸੇਵਾ
ਪ੍ਰਯਾਗਰਾਜ, ਫਰਵਰੀ 12
ਮਾਘ ਪੂਰਨਿਮਾ ਦੇ ਅੰਮ੍ਰਿਤ ਇਸ਼ਨਾਨ ਤੋਂ ਪਹਿਲਾਂ ਬੀਤੇ ਦਿਨ ਪ੍ਰਯਾਗਰਾਜ ਦੇ ਸੰਗਮ ਖੇਤਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਅਚਾਨਕ ਪਲਟ ਗਈ, ਜਿਸ ਕਾਰਨ ਉਸ ਵਿਚ ਸਵਾਰ 10 ਸ਼ਰਧਾਲੂ ਨਦੀ ਵਿਚ ਡਿੱਗ ਗਏ। ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਨ ਕਾਰਨ, 8 ਸ਼ਰਧਾਲੂਆਂ ਨੂੰ ਗੰਭੀਰ ਹਾਲਤ ਵਿਚ ਬਚਾਇਆ ਗਿਆ ਅਤੇ ਐਸ.ਆਰ.ਐਨ. ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ, ਜਦੋਂ ਕਿ 2 ਸ਼ਰਧਾਲੂ ਅਜੇ ਵੀ ਲਾਪਤਾ ਹਨ।
ਚਸ਼ਮਦੀਦਾਂ ਅਨੁਸਾਰ ਸ਼ਰਧਾਲੂ ਸੰਗਮ ਵਿਚ ਇਸ਼ਨਾਨ ਕਰਨ ਲਈ ਕਿਸ਼ਤੀ ਰਾਹੀਂ ਜਾ ਰਹੇ ਸਨ, ਜਦੋਂ ਅਚਾਨਕ ਕਿਸ਼ਤੀ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਕਿਸ਼ਤੀ ਵਿਚ ਸਵਾਰ ਸਾਰੇ ਸ਼ਰਧਾਲੂਆਂ ਨੇ ਲਾਈਫ ਜੈਕਟਾਂ ਪਾਈਆਂ ਹੋਈਆਂ ਸਨ, ਪਰ ਤੇਜ਼ ਕਰੰਟ ਅਤੇ ਕਿਸ਼ਤੀ ਦੇ ਪਲਟਣ ਦੀ ਅਚਾਨਕ ਸਥਿਤੀ ਕਾਰਨ 8 ਲੋਕ ਗੰਭੀਰ ਜ਼ਖਮੀ ਹੋ ਗਏ, ਜਦੋਂ ਕਿ 2 ਸ਼ਰਧਾਲੂ ਲਾਪਤਾ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਸਰਗਰਮ ਹੋ ਗਿਆ। ਜਲ ਪੁਲਿਸ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਮੁੱਢਲੀ ਸਹਾਇਤਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਲਾਪਤਾ ਸ਼ਰਧਾਲੂਆਂ ਨੂੰ ਲੱਭਣ ਲਈ ਖੋਜ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ ’ਤੇ ਸਵਾਰ ਸ਼ਰਧਾਲੂ ਉਤਰਾਖੰਡ ਤੇ ਕਰਨਾਟਕ ਦੇ ਰਹਿਣ ਵਾਲੇ ਸਨ, ਜੋ ਮਾਘ ਪੂਰਨਿਮਾ ਦੇ ਸ਼ੁਭ ਮੌਕੇ ’ਤੇ ਸੰਗਮ ਵਿਚ ਇਸ਼ਨਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਆਏ ਸਨ।