View in English:
February 6, 2025 11:14 pm

ਡਾ. ਬਲਜੀਤ ਕੌਰ ਵੱਲੋਂ ਵਿਦਿਆਰਥਣਾਂ ਦੀ ਅਨੀਮੀਆ ਜਾਂਚ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ

ਫੈਕਟ ਸਮਾਚਾਰ ਸੇਵਾ

ਤਰਨ ਤਾਰਨ, ਫਰਵਰੀ 6


ਅਨੀਮੀਆ ਮੁਕਤ ਪੰਜਾਬ ਬਣਾਉਣ ਦੇ ਮੰਤਵ ਨਾਲ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਅੱਜ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਰਨ ਤਾਰਨ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੀਆਂ ਵਿਦਿਆਰਥਣਾਂ ਦੀ ਅਨੀਮੀਆ ਜਾਂਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੁਹਿੰਮ ਦੇ ਪਹਿਲੇ ਦਿਨ 10 ਟੀਮਾਂ ਵੱਲੋਂ ਲੱਗਭੱਗ ਵਿਦਿਆਰਥਣਾਂ ਦੀ ਅਨੀਮੀਆ ਜਾਂਚ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ, ਐੱਸ. ਡੀ. ਐੱਮ. ਤਰਨ ਤਾਰਨ ਅਰਵਿੰਦਰਪਾਲ ਸਿੰਘ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਇੱਕ ਨਾਗਰਿਕ ਦੀ ਚੰਗੀ ਨਰੋਈ ਸਿਹਤ ਪ੍ਰਤੀ ਵਚਨਬੱਧ ਹੈ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਅਨੀਮੀਆ ਮੁਕਤ ਪੰਜਾਬ ਬਣਾਉਣ ਦੇ ਮੰਤਵ ਨਾਲ ਸਕੂਲਾਂ ਦੇ ਵਿੱਚ ਪੜਨ ਵਾਲੀਆਂ ਸਾਡੀਆਂ ਬੱਚੀਆਂ ਦੇ ਖੂਨ ਜਾਂਚ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਸ਼ੁਰੂਆਤੀ ਦੌਰ ਦੌਰਾਨ ਜ਼ਿਲਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਦੇ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਵਿੱਚ ਪੜਨ ਵਾਲੀਆਂ ਲਗਭਗ 30 ਹਜ਼ਾਰ ਦੇ ਕਰੀਬ ਬੱਚੀਆਂ ਦੇ ਖੂਨ ਦੀ ਜਾਂਚ ਕਰਨ ਕੇ ਅਨੀਮੀਆ ਦਾ ਪਤਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿਹੜੀਆਂ ਵੀ ਬਚੀਆਂ ਅਨੀਮੀਆ ਤੋਂ ਪੀੜਿਤ ਪਾਈਆਂ ਜਾਣਗੀਆਂ, ਉਹਨਾਂ ਦਾ ਤੁਰੰਤ ਇਲਾਜ ਵੀ ਯਕੀਨੀ ਬਣਾਇਆ ਜਾਵੇਗਾ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਡੀਆਂ ਬੇਟੀਆਂ ਦੀ ਚੰਗੀ ਸਰੀਰਕ ਅਤੇ ਮਾਨਸਿਕ ਸਿਹਤ ਵਿਅਕਤੀ ਦੇ ਸਰੀਰ ਵਿੱਚ ਹੀਮੋਗਲੋਬਿਨ ਲੈਵਲ ਉੱਤੇ ਨਿਰਭਰ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਤਿਹਾਸਿਕ ਸ਼ਹਿਰ ਤਰਨ ਤਾਰਨ ਤੋਂ ਅਨੀਮੀਆ ਜਾਂਚ ਮੁਹਿੰਮ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਬੱਚੀਆਂ ਦੀ ਨਰੋਈ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਇਸ ਮੁਹਿੰਮ ਨੂੰ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਅਨੀਮੀਆ ਮੁਕਤ ਪੰਜਾਬ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਸੂਬਾ ਸਰਕਾਰ ਸਕੂਲਾਂ ਦੇ ਵਿੱਚ ਪੜਨ ਵਾਲੀਆਂ ਵਿਦਿਆਰਥੀਆਂ ਦੀ ਜਾਂਚ ਇੱਕ ਬਹੁਤ ਹੀ ਆਧੁਨਿਕ ਉਪਕਰਨ ਦੇ ਨਾਲ ਕੀਤੀ ਜਾਵੇਗੀ, ਜਿੱਥੇ ਵਿਦਿਆਰਥਣਾ ਨੂੰ ਬਿਨਾਂ ਸੂਈ ਚੁਭਾਏ ਹੀਮੋਗਲੋਬਿਨ ਲੈਵਲ ਅਤੇ ਅਨੀਮੀਆ ਦਾ ਪਤਾ ਚੱਲ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਇੱਕ ਤੰਦਰੁਸਤ ਜੀਵਨ ਬਤੀਤ ਕਰਨ ਲਈ ਸਰੀਰ ਦੇ ਵਿੱਚ ਹੀਮੋਗਲੋਬਿਨ ਲੈਵਲ ਦੀ ਸਹੀ ਮਾਤਰਾ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ ਅਤੇ ਜੇਕਰ ਕੋਈ ਅਨੀਮੀਆ ਤੋਂ ਪੀੜਤ ਹੈ ਤਾਂ ਉਹ ਨਾ ਤਾਂ ਸਹੀ ਢੰਗ ਨਾਲ ਪੜ ਸਕੇਗਾ ਅਤੇ ਨਾ ਹੀ ਕਿਸੇ ਹੋਰ ਗਤੀਵਿਧੀ ਦੇ ਵਿੱਚ ਭਾਗੀਦਾਰੀ ਲੈ ਸਕੇਗੀ।
ਡਾ. ਬਲਜੀਤ ਕੌਰ ਨੇ ਬੱਚਿਆਂ ਨੂੰ ਸਿੱਖਿਆ ਦਿੰਦਿਆਂ ਕਿਹਾ ਕਿ ਉਹ ਚੰਗੀ ਪੋਸ਼ਟਿਕ ਖੁਰਾਕ ਖਾਣ ਅਤੇ ਬਾਜ਼ਾਰੀ ਖਾਣੇ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਸਾਡੇ ਸਮਾਜ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਬੱਚੀਆਂ ਨੂੰ ਆਪਣੇ ਮਿਥੇ ਹੋਏ ਟੀਚੇ ਪ੍ਰਾਪਤ ਕਰਨ ਲਈ ਮੌਕੇ ਦੇਣੇ ਚਾਹੀਦੇ ਹਨ ਅਤੇ ਮਾਤਾ ਪਿਤਾ ਆਪਣੀਆਂ ਧੀਆਂ ਦੇ ਪੋਸ਼ਟਿਕ ਖੁਰਾਕ ਪ੍ਰਤੀ ਵਿਸ਼ੇਸ਼ ਧਿਆਨ ਦੇਣ।
ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਵਿਰੁੱਧ ਵੀ ਠੋਸ ਕਦਮ ਚੁੱਕੇ ਜਾ ਰਹੇ ਹਨ।ਉਹਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੁਣ ਤੱਕ 261 ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਮੁਕਤ ਕਰਵਾ ਕੇ ਮੁੱਖ ਧਾਰਾ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਅਤੇ ਵਿਭਾਗ ਦੀ ਸ਼ਕਾਲਰਸ਼ਿੱਪ ਸਕੀਮ ਤਹਿਤ ਸਕੂਲਾਂ ਵਿੱਵ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਅਨੀਮੀਆ ਜਾਂਚ ਲਈ ਸਿਹਤ ਵਿਭਾਗ ਨੂੰ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਗਏ ਹਨ, ਜਿੰਨਾਂ ਰਾਹੀਂ ਕੁਝ ਹੀ ਮਿੰਟਾਂ ਦੇ ਵਿੱਚ ਵਿਦਿਆਰਥਣਾਂ ਦੇ ਹੀਮੋਗਲੋਬਿਨ ਲੈਵਲ ਦਾ ਪਤਾ ਲਗਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਵਿੱਚ ਪੜਨ ਵਾਲੀਆਂ ਲੜਕੀਆਂ ਦੀ ਵਿਸ਼ੇਸ ਕੈਂਪ ਲਗਾਕੇ ਅਨੀਮੀਆ ਜਾਂਚ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਵੱਲੋਂ ਅਨੀਮੀਆ ਦੇ ਸਰੀਰ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਨੂੰ ਮਿਲੇ ਆਧੁਨਿਕ ਉਪਕਰਨਾ ਰਾਹੀਂ ਬੱਚੀਆਂ ਦੀ ਅਨੀਮੀਆ ਸਕਰੀਨਿੰਗ ਬਹੁਤ ਹੀ ਆਸਾਨ ਹੋਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਿਹੜੇ ਵੀ ਬੱਚੀਆਂ ਨੂੰ ਅਨੀਮੀਆ ਤੋਂ ਪੀੜਤ ਪਾਇਆ ਜਾਵੇਗਾ, ਉਹਨਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਅਨੀਮੀਆ ਨੂੰ ਦੂਰ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਬਿਕਰਮਜੀਤ ਸਿੰਘ ਪੁਰੇਵਾਲ ਅਤੇ ਸ਼੍ਰੀਮਤੀ ਰਵਿੰਦਰ ਕੌਰ ਅਹਲੂਵਾਲੀਆਂ ਪ੍ਰਿੰਸੀਪਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

View in English