ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਫਰਵਰੀ 1
ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਲਈ 134ਏ ਦੇ ਤਹਿਤ ਹਰਿਆਣਾ ਸਰਕਾਰ ਨੇ ਰਾਜ ਦੇ 1555 ਪ੍ਰਾਈਵੇਟ ਸਕੂਲਾਂ ਦੇ ਸੈਸ਼ਨ 2017 ਤੋਂ 2022 ਤੱਕ 2ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਫੀਸਾਂ ਦੀ ਭਰਪਾਈ ਵਜੋਂ 33.545 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਰਕਮ ਹਰਿਆਣਾ ਦੇ ਉਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਜਾਵੇਗੀ ਜੋ ਨਿਯਮ 134-ਏ ਤਹਿਤ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਦੇ ਹਨ। ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਹਰਿਆਣਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। 9ਵੀਂ ਤੋਂ 12ਵੀਂ ਜਮਾਤ ਤੱਕ ਪੈਸੇ ਦੇਣ ਦੀ ਮੰਗ ਵੀ ਕੀਤੀ ਗਈ ਹੈ।
ਹਰਿਆਣਾ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀ ਹੁਣ ਮਿਡ-ਡੇ-ਮੀਲ ‘ਚ ਤਾਜ਼ੀ ਸਬਜ਼ੀਆਂ ਤੇ ਸਲਾਦ ਖਾ ਸਕਣਗੇ। ਇਸ ਦੇ ਲਈ ਸਿੱਖਿਆ ਡਾਇਰੈਕਟੋਰੇਟ ਨੇ ਸਕੂਲਾਂ ਵਿੱਚ ਕਿਚਨ ਗਾਰਡਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਨ੍ਹਾਂ ਸਕੂਲਾਂ ਵਿੱਚ ਥਾਂ ਸੀਮਤ ਹੈ, ਉਨ੍ਹਾਂ ਸਕੂਲਾਂ ਦੀਆਂ ਛੱਤਾਂ ’ਤੇ ਗਮਲਿਆਂ ਵਿੱਚ ਸਬਜ਼ੀਆਂ ਉਗਾਈਆਂ ਜਾਣਗੀਆਂ।
ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮਿਡ-ਡੇ-ਮੀਲ ਦੇ ਮੀਨੂ ਅਨੁਸਾਰ ਖਾਣਾ ਤਿਆਰ ਕਰਨਾ ਲਾਜ਼ਮੀ ਹੈ । ਜੇਕਰ ਮੀਨੂ ਅਨੁਸਾਰ ਖਾਣਾ ਨਾ ਤਿਆਰ ਕੀਤਾ ਗਿਆ ਤਾਂ ਸਕੂਲ ਮੁਖੀ ਅਤੇ ਇੰਚਾਰਜ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਰਸੋਈ ਦੀ ਸਾਫ਼-ਸਫ਼ਾਈ ਅਤੇ ਰਾਸ਼ਨ ਦੀ ਸਾਂਭ-ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਰਸੋਈ ਵਿੱਚ ਜਾਲੇ, ਮੱਕੜੀ ਅਤੇ ਚੂਹੇ ਨਾ ਹੋਣ। ਸਾਰੇ ਰਸੋਈਏ ਕਮ ਹੈਲਪਰ ਵਰਦੀ ਵਿੱਚ ਹਾਜ਼ਰ ਰਹਿਣਗੇ ਅਤੇ ਅਨਾਜ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਗੇ। ਸੁੱਕੇ ਦੁੱਧ ਦੇ ਪੈਕਟਾਂ ਦੀ ਸਾਂਭ-ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।