View in English:
January 24, 2025 2:19 am

ਪੰਜਾਬ ਦੀ ‘ਧੀ ਅਣਮੁੱਲੀ ਦਾਤ’ ਪਹਿਲਕਦਮੀ ਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੱਧਰ ‘ਤੇ ਮਾਨਤਾ ਹਾਸਿਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜਨਵਰੀ 23

ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਪ੍ਰਤੀ ਪੰਜਾਬ ਦੇ ਸਮਰਪਿਤ ਯਤਨਾਂ ਨੂੰ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੀ ਪੰਜਾਬ ਸੂਬੇ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੜਕੀਆਂ ਦਾ ਜਨਮ ਸਮੇਂ ਰਾਸਟਰੀ ਲਿੰਗ ਅਨੁਪਾਤ 2014-15 ਵਿੱਚ 918 ਤੋਂ ਵੱਧ ਕੇ 2023-24 ਵਿੱਚ 930 ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦਾ ਜਨਮ ਅਨੁਪਾਤ 75.51 ਪ੍ਰਤੀਸ਼ਤ ਤੋਂ ਵੱਧ ਕੇ 78 ਪ੍ਰਤੀਸ਼ਤ ਹੋ ਗਿਆ ਹੈ ਜੋ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਸੰਸਥਾਗਤ ਜਣੇਪੇ 61 ਪ੍ਰਤੀਸ਼ਤ ਤੋਂ ਵੱਧ ਕੇ 97.3 ਹੋ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਲਿੰਗ ਅਨੁਪਾਤ ਦੇ ਸੰਤੁਲਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਲੜਕੀਆਂ ਦੇ ਜਨਮ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਫਰੀਦਕੋਟ ਜ਼ਿਲ੍ਹੇ ਦੀ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ ਕਿ “ਧੀ ਅਣਮੁੱਲੀ ਦਾਤ” ਨੇ ਲੜਕੀਆਂ ਲਈ “ਸਰੀਂਹ ਰਸਮ” ਦਾ ਆਯੋਜਨ ਕਰਕੇ ਪਿਤਾ-ਪੁਰਖੀ ਨਿਯਮਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਥਾ ਜੋ ਰਵਾਇਤੀ ਤੌਰ ‘ਤੇ ਮੁੰਡਿਆਂ ਲਈ ਰਾਖਵੀਂ ਹੈ। ਇਸ ਪਹਿਲਕਦਮੀ ਦੇ ਤਹਿਤ, ਨਵਜੰਮੀਆਂ ਲੜਕੀਆਂ ਦੇ ਪਰਿਵਾਰ ਆਪਣੇ ਮੁੱਖ ਦਰਵਾਜ਼ਿਆਂ ‘ਤੇ ਸਰੀਂਹ ਜਾਂ ਨਿੰਮ ਰੁੱਖ ਦੇ ਪੱਤੇ ਬੰਨ੍ਹ ਕੇ ਅਤੇ ਬੱਚੇ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਪਿਆਰੀਆਂ ਯਾਦਾਂ ਵਜੋਂ ਸੁਰੱਖਿਅਤ ਰੱਖ ਕੇ ਲੜਕੀਆਂ ਦੇ ਜਨਮ ਦਾ ਜਸ਼ਨ ਮਨਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਨਵਜੰਮੀਆਂ ਬੱਚੀਆਂ ਦੇ ਜਨਮ ਦਿਨ ਮਨਾਉਣ ਲਈ ਪਿੰਡਾਂ ਵਿੱਚ ਮਠਿਆਈਆਂ ਵੰਡ ਕੇ, ਗਿੱਧਾ ਪਾ ਕੇ ਅਤੇ ਗੀਤ ਗਾ ਕੇ ਸਮਾਗਮ ਕਰਵਾਏ ਗਏ। ਲੜਕੀਆਂ ਨੂੰ ਬੇਬੀ ਕੰਬਲ ਅਤੇ ਗਰੂਮਿੰਗ ਕਿੱਟਾਂ ਦਿੱਤੀਆਂ ਗਈਆਂ ਅਤੇ ਮਾਪਿਆਂ ਨੂੰ ਲੈਮੀਨੇਟਡ ਪੈਰਾਂ ਦੇ ਨਿਸ਼ਾਨ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਪੰਜਾਬ ਦੇ ਯਤਨਾਂ ਦੀ ਮਾਨਤਾ ਲੜਕੀਆਂ ਨੂੰ ਸਸ਼ਕਤ ਬਣਾਉਣ ਅਤੇ ਸਮਾਜਿਕ ਧਾਰਨਾਵਾਂ ਨੂੰ ਬਦਲਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਸਮਰਪਿਤ ਹੈ ਕਿ ਸੂਬੇ ਵਿੱਚ ਹਰ ਲੜਕੀ ਦੀ ਕਦਰ ਅਤੇ ਉਸਨੂੰ ਵਧਣ-ਫੁੱਲਣ ਦੇ ਬਰਾਬਰ ਮੌਕੇ ਦਿੱਤੇ ਜਾਣ।

ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਨੇ ਔਰਤਾਂ ਅਤੇ ਬੱਚਿਆਂ ਦੀ ਭਲਾਈ ਵਿੱਚ ਸੁਧਾਰ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਹੁਸ਼ਿਆਰਪੁਰ ਵਿੱਚ 120 ਕੁੜੀਆਂ ਲਈ ਮੁਫ਼ਤ ਡਰਾਈਵਿੰਗ ਕਲਾਸਾਂ ਵਰਗੀਆਂ ਪਹਿਲਕਦਮੀਆਂ ਦਾ ਉਦੇਸ਼ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਸਵੈ-ਨਿਰਭਰਤਾ ਨੂੰ ਵਧਾਉਣਾ ਹੈ। ਇਹ ਯਤਨ ਲਿੰਗਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜ ਰਹੇ ਹਨ ਅਤੇ ਔਰਤਾਂ ਵਿੱਚ ਆਰਥਿਕ ਸੁਤੰਤਰਤਾ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਸਮਾਜ ਨੂੰ ਲਿੰਗ-ਸੰਤੁਲਨ ਲਈ ਇਨ੍ਹਾਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।

ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ, ”ਬੇਟੀ ਬਚਾਓ ਬੇਟੀ ਪੜ੍ਹਾਓ” ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਲੜਕੀਆਂ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਅਤੇ ਵਿਵਹਾਰ ‘ਚ ਬਦਲਾਅ ਲਿਆਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਜ ਵਿੱਚੋਂ ਕੁੜੀਆਂ ਨਾਲ ਹੋ ਰਹੇ ਵਿਤਕਰੇ ਨੂੰ ਖਤਮ ਕੀਤਾ ਜਾ ਸਕੇ।

Leave a Reply

Your email address will not be published. Required fields are marked *

View in English