View in English:
January 23, 2025 10:59 pm

ਦਿੱਲੀ ਵਿਧਾਨ ਸਭਾ ਚੋਣਾਂ ਲਈ CM ਮਾਨ ਨੇ ਲਗਾਤਾਰ ਤੀਜੇ ਦਿਨ ਕੀਤਾ ਪ੍ਰਚਾਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜਨਵਰੀ 23

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਤੀਜੇ ਦਿਨ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕੀਤਾ। ਮਾਨ ਨੇ ਇੱਥੇ ਤਿੰਨ ਵਿਧਾਨ ਸਭਾ ਹਲਕਿਆਂ ਨਰੇਲਾ, ਤਿਮਾਰਪੁਰ ਅਤੇ ਬੁਰਾੜੀ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਮਰਥਨ ਕਰਨ ਦੀ ਅਪੀਲ ਕੀਤੀ।

ਮਾਨ ਦੇ ਰੋਡ ਸ਼ੋਅ ‘ਚ ਹਰ ਥਾਂ ‘ਤੇ ਲੋਕਾਂ ਦੀ ਭਾਰੀ ਭੀੜ ਸੀ। ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ ਮੁੱਖ ਮੰਤਰੀ ਮਾਨ ਦਾ ਇੰਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਦਿੱਲੀ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਵੀ ਕੀਤੀ।

ਨਰੇਲਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ। 8 ਫਰਵਰੀ ਨੂੰ ਸਿਰਫ਼ ਰਸਮੀ ਐਲਾਨ ਬਾਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਨ। ਕੇਜਰੀਵਾਲ ਇੱਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਹੈ।

ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਦਿੱਲੀ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ, ਇਸ ਲਈ ਉਹ ਸਿਰਫ਼ ਲੜਾਈ-ਝਗੜੇ ਦੀ ਗੱਲ ਕਰਦੇ ਹਨ। ਜਦੋਂ ਕਿ ਆਮ ਆਦਮੀ ਪਾਰਟੀ ਸਰਕਾਰੀ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ, ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਗੱਲ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਔਰਤਾਂ ਨੂੰ ਸਸ਼ਕਤ ਬਣਾਉਣਾ ਚਾਹੁੰਦੇ ਹਾਂ, ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੀਆਂ ਔਰਤਾਂ ਲਈ ਡੀਟੀਸੀ ਬੱਸ ਵਿੱਚ ਸਫ਼ਰ ਮੁਫ਼ਤ ਕੀਤਾ ਹੈ। ਹੁਣ ਜੇਕਰ ਸਰਕਾਰ ਬਣੀ ਤਾਂ ਅਸੀਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਵਾਂਗੇ, ਤਾਂ ਜੋ ਉਨ੍ਹਾਂ ਦੀ ਨਿਰਭਰਤਾ ਘਟ ਸਕੇ ਅਤੇ ਸਾਡੀਆਂ ਮਾਵਾਂ-ਭੈਣਾਂ ਆਤਮ ਨਿਰਭਰ ਬਣ ਸਕਣ।

ਤਿਮਾਰਪੁਰ ‘ਚ ਮਾਨ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੈਨੂੰ ਲੋਕਾਂ ਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ। ਅਰਵਿੰਦ ਕੇਜਰੀਵਾਲ ਦਾ ਕੰਮ ਪੂਰੀ ਦਿੱਲੀ ਵਿੱਚ ਬੋਲ ਰਿਹਾ ਹੈ। ਵਿਰੋਧੀ ਪਾਰਟੀਆਂ ਸਿਰਫ਼ ਬਿਆਨਬਾਜ਼ੀ ਕਰਦੀਆਂ ਹਨ। ਉਹ ਜਾਣਦੇ ਹਨ ਕਿ ਦਿੱਲੀ ਵਿੱਚ ਉਨ੍ਹਾਂ ਲਈ ਕੁਝ ਨਹੀਂ ਹੋਣ ਵਾਲਾ ਹੈ। ਇਸ ਲਈ ਉਹ ਨਿਰਾਸ਼ ਹਨ। ਉਨ੍ਹਾਂ ਨੇ ਬੁਰਾੜੀ ਦੇ ਲੋਕਾਂ ਨੂੰ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੀ ਹੈ। ਇਸ ਲਈ 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਓ ਅਤੇ ਆਪ ਉਮੀਦਵਾਰ ਸੰਜੀਵ ਝਾਅ ਨੂੰ ਵੱਡੇ ਫਰਕ ਨਾਲ ਜਿਤਾਓ। ਉਨ੍ਹਾਂ ਕਿਹਾ ਕਿ ਸੰਜੀਵ ਝਾਅ ਬਹੁਤ ਹਰਮਨ ਪਿਆਰੇ ਆਗੂ ਹਨ। ਉਹ ਹਮੇਸ਼ਾ ਲੋਕਾਂ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਉਨ੍ਹਾਂ ਦਾ ਸਾਥ ਦਿੰਦੇ ਹਨ। ਭਵਿੱਖ ਵਿੱਚ ਵੀ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦੇ ਰਹਿਣਗੇ।

ਉਨ੍ਹਾਂ ਨੇ ਕਿਹਾ ਕਿ 5 ਫਰਵਰੀ ਨੂੰ ਝਾੜੂ ਨੂੰ ਵੋਟ ਪਾਉਣਾ ਤੁਹਾਡੀ ਜ਼ਿੰਮੇਵਾਰੀ ਹੈ, ਉਸ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਵਾਅਦੇ ਕਰਦੇ ਹਨ, ਉਸ ਨੂੰ ਪੂਰਾ ਕਰਦੇ ਹਨ। ਅਸੀਂ ਦਿੱਲੀ ਅਤੇ ਪੰਜਾਬ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇਸ ਲਈ ਚੋਣਾਂ ਵਾਲੇ ਦਿਨ ਦੂਜੀਆਂ ਪਾਰਟੀਆਂ ਬਾਰੇ ਸੋਚਿਓ ਵੀ ਨਹੀਂ, ਸਿਰਫ਼ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਓ।

Leave a Reply

Your email address will not be published. Required fields are marked *

View in English