View in English:
January 22, 2025 6:38 am

CM ਮਾਨ ਨੇ ਦਿੱਲੀ ਵਿੱਚ ਮਾਡਲ ਟਾਊਨ, ਬਾਦਲੀ ਅਤੇ ਰੋਹਿਣੀ ਹਲਕਿਆਂ ਵਿੱਚ ਕੀਤਾ ਚੌਣ ਪ੍ਰਚਾਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜਨਵਰੀ 21

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵੱਖ ਵੱਖ ਵਿਧਾਨਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤੇ ਅਤੇ ਚੌਣ ਪ੍ਰਚਾਰ ਕੀਤਾ। ਮਾਨ ਨੇ ਅਖਿਲੇਸ਼ ਪਤੀ ਤ੍ਰਿਪਾਠੀ (ਮਾਡਲ ਟਾਊਨ), ਅਜੇਸ਼ ਯਾਦਵ (ਬਾਦਲੀ) ਅਤੇ ਪ੍ਰਦੀਪ ਮਿੱਤਲ (ਰੋਹਿਣੀ) ਦੇ ਸਮਰਥਨ ਵਿੱਚ ਰੋਡ ਸ਼ੋਅ ਕੀਤੇ। ਉਤਸ਼ਾਹੀ ਭੀੜ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਵਿਰੋਧੀ ਪਾਰਟੀਆਂ ਦੇ ਫੁੱਟਪਾਊ ਅਤੇ ਖੋਖਲੇ ਵਾਅਦਿਆਂ ਦੇ ਉਲਟ, ਪ੍ਰਗਤੀਸ਼ੀਲ ਸ਼ਾਸਨ ਅਤੇ ਲੋਕ-ਕੇਂਦ੍ਰਿਤ ਵਿਕਾਸ ਪ੍ਰਤੀ ‘ਆਪ’ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।

ਮਾਡਲ ਟਾਊਨ ਵਿੱਚ ਬੋਲਦਿਆਂ ਮਾਨ ਨੇ ‘ਆਪ’ ਉਮੀਦਵਾਰ ਅਖਿਲੇਸ਼ ਪਤੀ ਤ੍ਰਿਪਾਠੀ ਦੇ ਹੱਕ ਵਿੱਚ ਭਾਰੀ ਭੀੜ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ “ਤੁਹਾਡਾ ਪਿਆਰ ਅਤੇ ਉਤਸ਼ਾਹ ਇਹ ਸਪੱਸ਼ਟ ਕਰਦਾ ਹੈ ਕਿ ਅਖਿਲੇਸ਼ ਤ੍ਰਿਪਾਠੀ ਤੁਹਾਡੇ ਵਿਧਾਇਕ ਹਨ।” ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਕੂਲਾਂ ਅਤੇ ਹਸਪਤਾਲਾਂ ਨੂੰ ਬਦਲਣ ਵਿੱਚ ‘ਆਪ’ ਦੇ ਟਰੈਕ ਰਿਕਾਰਡ ਨੂੰ ਉਜਾਗਰ ਕੀਤਾ, ਜੋ ਕਿ ਵਿਰੋਧੀ ਧਿਰ ਦੀ ਬਿਆਨਬਾਜ਼ੀ ਦੇ ਬਿਲਕੁਲ ਉਲਟ ਹੈ।

“ਕੇਜਰੀਵਾਲ ਸਕੂਲਾਂ ਅਤੇ ਹਸਪਤਾਲਾਂ ਦੀ ਗੱਲ ਕਰਦੇ ਹਨ, ਜਦੋਂਕਿ ਭਾਜਪਾ ਹਰ ਕਿਸੇ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਖੋਖਲੇ ਵਾਅਦੇ ਕਰਦੀ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 5 ਫਰਵਰੀ ਨੂੰ ਝਾੜੂ ਦੇ ਨਿਸ਼ਾਨ ਵਾਲਾ ਬਟਨ ਦਬਾਓ ਅਤੇ ਆਪਣਾ ਭਵਿੱਖ ਕੇਜਰੀਵਾਲ ਨੂੰ ਸੌਂਪੋ, ਕਿਉਂ ਕਿ ਉਹ ਇੱਕ ਅਜਿਹੇ ਨੇਤਾ ਹਨ ਜੋ ਆਪਣੇ ਵਾਅਦੇ ਪੂਰੇ ਕਰਦੇ ਹਨ।
ਉਨ੍ਹਾਂ ਨੇ ਉਸਾਰੂ ਗੱਲਬਾਤ ਦੀ ਥਾਂ ਟਕਰਾਅ ਨੂੰ ਬੜ੍ਹਾਵਾ ਦੇਣ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਅਤੇ ਕਿਹਾ “ਉਹ ਲੜਾਈ ਦੀ ਗੱਲ ਕਰਦੇ ਹਨ, ਪਰ ਸਾਡਾ ਧਿਆਨ ਸਿੱਖਿਆ ਅਤੇ ਤਰੱਕੀ ‘ਤੇ ਹੈ। ਅਸੀਂ ਆਮ ਲੋਕਾਂ ‘ਚੋਂ ਨਿਕਲ ਕੇ ਆਏ ਹਾਂ ਅਤੇ ਉਨ੍ਹਾਂ ਦੀ ਭਲਾਈ ਲਈ ਹੀ ਸਮਰਪਿਤ ਹਾਂ।”

ਬਾਦਲੀ ਵਿਖੇ ਮੁੱਖ ਮੰਤਰੀ ਮਾਨ ਨੇ ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਪ੍ਰਤੀ ‘ਆਪ’ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਲੋਕਾਂ ਦੇ ਵਿਸ਼ਵਾਸ ਲਈ ਧੰਨਵਾਦ ਕਰਦੇ ਹੋਏ, ਉਨ੍ਹਾਂ ਕਿਹਾ “ਅਸੀਂ ‘ਆਪ’ ਵਿੱਚ ਲੜਾਈ ਬਾਰੇ ਗੱਲ ਨਹੀਂ ਕਰਦੇ, ਅਸੀਂ ਸਿੱਖਿਆ ਬਾਰੇ ਗੱਲ ਕਰਦੇ ਹਾਂ। ਜਦੋਂ ਅਸੀਂ ਹਸਪਤਾਲ, ਬਿਜਲੀ, ਪਾਣੀ, ਸੜਕਾਂ ਅਤੇ ਬੁਨਿਆਦੀ ਢਾਂਚੇ ਬਾਰੇ ਚਰਚਾ ਕਰਦੇ ਹਾਂ, ਤਾਂ ਵਿਰੋਧੀ ਧਿਰ ਸਿਰਫ਼ ਵੰਡ ਅਤੇ ਟਕਰਾਅ ‘ਤੇ ਧਿਆਨ ਕੇਂਦਰਿਤ ਕਰਦੀ ਹੈ।”

‘ਆਪ’ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦੇ ਹੋਏ ਮਾਨ ਨੇ ਕਿਹਾ, “ਦਿੱਲੀ ਅਤੇ ਪੰਜਾਬ ਵਿੱਚ, ਜ਼ਿਆਦਾਤਰ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਹਨ ਕਿਉਂਕਿ ਸਾਡੇ ਇਰਾਦੇ ਇਮਾਨਦਾਰ ਹਨ। ਲੋਕ ਸੋਚਦੇ ਸਨ ਕਿ ਮੁਫ਼ਤ ਬਿਜਲੀ ਕਿਵੇਂ ਸੰਭਵ ਹੈ, ਪਰ ਜਦੋਂ ਲੀਡਰਸ਼ਿਪ ਦੇ ਇਰਾਦੇ ਸਪੱਸ਼ਟ ਹੁੰਦੇ ਹਨ, ਤਾਂ ਸਭ ਕੁਝ ਸੰਭਵ ਹੋ ਜਾਂਦਾ ਹੈ।” ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਲਾਈ ਨੀਤੀਆਂ ਦੀ ਆਲੋਚਨਾ ਕਰਨ ‘ਤੇ ਚੁਟਕੀ ਲੈਂਦੇ ਹੋਏ ਕਿਹਾ, “ਮੋਦੀ ਕੇਜਰੀਵਾਲ ਦੀਆਂ ਭਲਾਈ ਪਹਿਲਕਦਮੀਆਂ ਨੂੰ ‘ਮੁਫ਼ਤ’ ਕਹਿੰਦੇ ਹਨ, ਪਰ ਜਦੋਂ ਉਨ੍ਹਾਂ ਨੇ ਸਾਰਿਆਂ ਦੇ ਖਾਤਿਆਂ ਵਿੱਚ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ, ਤਾਂ ਉਸਦਾ ਕੀ ਹੋਇਆ? ਭਾਜਪਾ ਸਾਡੀਆਂ ਯੋਜਨਾਵਾਂ ਦਾ ਮਜ਼ਾਕ ਉਡਾਉਂਦੀ ਹੈ ਪਰ ਉਨ੍ਹਾਂ ਦੀ ਹੀ ਨਕਲ ਕਰਦੀ ਹੈ।”

ਵੋਟਰਾਂ ਨੂੰ ‘ਆਪ’ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦੇ ਹੋਏ, ਮਾਨ ਨੇ ਅਜੇਸ਼ ਯਾਦਵ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਯਾਦਵ ਜੀ ਤੁਹਾਡੇ ਵਿਧਾਇਕ ਸਨ, ਤੁਹਾਡੇ ਵਿਧਾਇਕ ਹਨ, ਅਤੇ ਤੁਹਾਡੇ ਵਿਧਾਇਕ ਰਹਿਣਗੇ। ਜੇਕਰ ਬਦਲੀ ‘ਆਪ’ ਲਈ ਸਭ ਤੋਂ ਵੱਧ ਵੋਟਾਂ ਦਾ ਫਰਕ ਪ੍ਰਦਾਨ ਕਰਦਾ ਹੈ, ਤਾਂ ਮੈਂ ਆਪਣੀ ਪਾਰਟੀ ਦੇ ਸੁਪਰੀਮੋ ਨੂੰ ਦੱਸਾਂਗਾ ਕਿ ਬਾਦਲੀ ਨੇ 8 ਫਰਵਰੀ ਨੂੰ ਆਪਣਾ ਵਾਅਦਾ ਪੂਰਾ ਕੀਤਾ।” ਰੋਹਿਣੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਦਿੱਲੀ ਦੇ ਲੋਕ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਬੱਚਿਆਂ ਅਤੇ ਉਨ੍ਹਾਂ ਦੀ ਸਿੱਖਿਆ ਲਈ ਲੜ ਰਹੇ ਹਾਂ। ‘ਆਪ’ ਉਮੀਦਵਾਰ ਮਿੱਤਲ ਨੇ ਸੀਐਮ ਮਾਨ ਦਾ ਉਨ੍ਹਾਂ ਲਈ ਪ੍ਰਚਾਰ ਕਰਨ ਲਈ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਮਾਨ ਨੇ ਸੰਘਰਸ਼ (ਲੜਾਈ) ਦੀ ਬਜਾਏ ਸਿੱਖਿਆ (ਅਧਿਐਨ) ‘ਤੇ ਧਿਆਨ ਕੇਂਦਰਿਤ ਕਰਨ ਦੇ ‘ਆਪ’ ਦੇ ਮੂਲ ਫਲਸਫੇ ਨੂੰ ਦੁਹਰਾਇਆ। ਉਨ੍ਹਾਂ ਕਿਹਾ, “ਵਿਰੋਧੀ ਧਿਰ ਵਾਰ-ਵਾਰ ਸਾਬਤ ਕਰਦੀ ਹੈ ਕਿ ਉਨ੍ਹਾਂ ਕੋਲ ਲੜਾਈ ਅਤੇ ਵੰਡ ਤੋਂ ਇਲਾਵਾ ਕੋਈ ਵਿਜ਼ਨ ਨਹੀਂ ਹੈ। ਦੂਜੇ ਪਾਸੇ, ਅਸੀਂ ਲੋਕਾਂ ਨੂੰ ਸਕੂਲ ਬਣਾਉਣ, ਸਿਹਤ ਸੰਭਾਲ ਵਿੱਚ ਸੁਧਾਰ ਕਰਨ ਅਤੇ ਸਾਰਿਆਂ ਲਈ ਵਿਕਾਸ ਯਕੀਨੀ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ।”

‘ਆਪ’ ਦੀ ਡਾਕੂਮੈਂਟਰੀ ‘ਤੇ ਹਾਲ ਹੀ ਵਿੱਚ ਲੱਗੀ ਪਾਬੰਦੀ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਮਾਨ ਨੇ ਕਿਹਾ, “ਇੱਕ ਡਾਕੂਮੈਂਟਰੀ ‘ਤੇ ਪਾਬੰਦੀ ਲਗਾਉਣ ਨਾਲ ਸਾਡੇ ਇਰਾਦੇ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ, ਇਸਨੂੰ ਦਬਾਇਆ ਨਹੀਂ ਜਾ ਸਕਦਾ। ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਡਾਕੂਮੈਂਟਰੀ ਦਾ ਲਿੰਕ ਵੀ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਲੋਕਾਂ ਪ੍ਰਤੀ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਰਾਜਨੀਤੀ ਜਾਰੀ ਰੱਖੇਗੀ।”

Leave a Reply

Your email address will not be published. Required fields are marked *

View in English