ਡਿਨਰ ਵਿਦ ਡੋਨਾਲਡ ਟਰੰਪ
9 ਕਰੋੜ ਦਿਓ, ਇਕੱਠੇ ਖਾਓ ਰਾਤ ਦਾ ਖਾਣਾ
ਫੰਡ ਇਕੱਠਾ ਕਰਨ ਦੀ ਰਾਜਨੀਤੀ
ਵਾਸ਼ਿੰਗਟਨ (ਡੀ.ਸੀ.) , 20 ਜਨਵਰੀ 2025 : ਡੋਨਾਲਡ ਟਰੰਪ ਨੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ। ਉਨ੍ਹਾਂ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਟਰੰਪ 20 ਜਨਵਰੀ ਨੂੰ ਵਾਸ਼ਿੰਗਟਨ (ਡੀ.ਸੀ.) ਵਿਚ ਆਯੋਜਿਤ ਇਕ ਸਮਾਰੋਹ ਵਿਚ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਵੀ ਅਮਰੀਕਾ ‘ਚ ਉਨ੍ਹਾਂ ਦੀ ‘ਡਿਨਰ ਰਾਜਨੀਤੀ’ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਉਸ ਨਾਲ ਪ੍ਰਾਈਵੇਟ ਡਿਨਰ ਲਈ ਲੋਕਾਂ ਨੂੰ ਭਾਰੀ ਰਕਮਾਂ ਅਦਾ ਕਰਨੀਆਂ ਪੈਂਦੀਆਂ ਹਨ। ਇਸ ਨੂੰ ਅਮਰੀਕਾ ‘ਚ ‘ਫੰਡਰੇਜ਼ਿੰਗ ਡਿਨਰ’ ਦਾ ਨਾਂ ਦਿੱਤਾ ਗਿਆ ਹੈ। ਜੇਕਰ ਕੋਈ ਵਾਈਸ ਪ੍ਰੈਜ਼ੀਡੈਂਟ ਜੇਡੀ ਵਾਂਸ ਨਾਲ ਡਿਨਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਮੋਟੀ ਰਕਮ ਦੇਣੀ ਪੈਂਦੀ ਹੈ।
ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਡਿਨਰ ਲਈ 5 ਵੱਖ-ਵੱਖ ਪੈਕੇਜਾਂ ਦਾ ਫੈਸਲਾ ਕੀਤਾ ਗਿਆ ਹੈ। ਮਤਲਬ ਕਿ ਤੁਹਾਨੂੰ ਡਿਨਰ ਲਈ 5 ਤਰ੍ਹਾਂ ਦੀਆਂ ਟਿਕਟਾਂ ਖਰੀਦਣੀਆਂ ਪੈਣਗੀਆਂ। ਪਹਿਲੀ ਟਿਕਟ ਦੀ ਕੀਮਤ 10 ਲੱਖ ਅਮਰੀਕੀ ਡਾਲਰ (ਕਰੀਬ 9 ਕਰੋੜ ਰੁਪਏ) ਹੈ। ਜਦਕਿ ਹੋਰ ਟਿਕਟਾਂ ਦੀ ਕੀਮਤ 5 ਲੱਖ ਡਾਲਰ (4.32 ਕਰੋੜ ਰੁਪਏ), 2.5 ਲੱਖ ਡਾਲਰ (2.17 ਕਰੋੜ ਰੁਪਏ), 1 ਲੱਖ ਡਾਲਰ (87 ਲੱਖ ਰੁਪਏ) ਅਤੇ 50 ਹਜ਼ਾਰ ਡਾਲਰ (44 ਲੱਖ ਰੁਪਏ) ਰੱਖੀ ਗਈ ਹੈ।
ਜੇਕਰ ਵੱਡੇ (ਮਸ਼ਹੂਰ) ਦਾਨੀਆਂ ਨੇ ਟਰੰਪ ਨੂੰ ਨਿੱਜੀ ਸਮਾਗਮਾਂ ‘ਚ ਮਿਲਣਾ ਚਾਹਿਆ ਤਾਂ ਉਨ੍ਹਾਂ ਨੂੰ ਇਸ ਲਈ ਦੁੱਗਣੀ ਰਕਮ ਅਦਾ ਕਰਨੀ ਪਵੇਗੀ। ਜੇਕਰ ਕੋਈ ਵਾਈਸ ਪ੍ਰੈਜ਼ੀਡੈਂਟ-ਇਲੈਕਟ ਵੈਂਸ ਨਾਲ ਡਿਨਰ ਕਰਨਾ ਚਾਹੁੰਦਾ ਹੈ, ਤਾਂ ਪੈਕੇਜ ਦੇ ਇਸ ਟੀਅਰ ਵਿੱਚ 2 ਟਿਕਟਾਂ ਖਰੀਦਣੀਆਂ ਲਾਜ਼ਮੀ ਹਨ। ਇਸ ਦੇ ਨਾਲ ਹੀ ਟਰੰਪ ਨਾਲ ‘ਕੈਂਡਲ ਲਾਈਟ ਡਿਨਰ’ ਕਰਨ ਲਈ ਟੀਅਰ ਪੈਕੇਜ ਦੀਆਂ 6 ਟਿਕਟਾਂ ਖਰੀਦਣੀਆਂ ਜ਼ਰੂਰੀ ਹਨ। ਰਿਪੋਰਟ ਮੁਤਾਬਕ ਕਈ ਲੋਕਾਂ ਨੇ 10 ਲੱਖ ਦਾ ਟੀਅਰ ਪੈਕੇਜ ਖਰੀਦਿਆ ਹੈ।
ਉਦਘਾਟਨੀ ਕਮੇਟੀ ਦੀ ਰਿਪੋਰਟ ਅਨੁਸਾਰ ਹੁਣ ਤੱਕ ਡਿਨਰ ਰਾਜਨੀਤੀ ਰਾਹੀਂ 1700 ਕਰੋੜ ਰੁਪਏ ਦੇ ਫੰਡ ਇਕੱਠੇ ਕੀਤੇ ਜਾ ਚੁੱਕੇ ਹਨ, ਜਦੋਂ ਕਿ 2 ਹਜ਼ਾਰ ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ। ਰਿਪੋਰਟ ਮੁਤਾਬਕ 2017 ‘ਚ ਟਰੰਪ ਨਾਲ ਡਿਨਰ ਪ੍ਰੋਗਰਾਮ ਰਾਹੀਂ 106 ਮਿਲੀਅਨ ਡਾਲਰ (918 ਕਰੋੜ ਰੁਪਏ) ਦਾ ਫੰਡ ਇਕੱਠਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਬਿਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲਗਭਗ 135 ਮਿਲੀਅਨ ਡਾਲਰ (1168 ਕਰੋੜ) ਦਾ ਫੰਡ ਇਕੱਠਾ ਕੀਤਾ ਗਿਆ ਸੀ। ਖਬਰਾਂ ਮੁਤਾਬਕ ਇਸ ਵਾਰ ਵੱਡੇ ਉਦਯੋਗਪਤੀ ਅਤੇ ਲੋਕ ਟਰੰਪ ਨੂੰ ਮਿਲਣ ਲਈ ਖਾਸ ਉਤਸ਼ਾਹ ਦਿਖਾ ਰਹੇ ਹਨ। ਕਈ ਅਰਬਪਤੀਆਂ ਨੇ ਟਰੰਪ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਹੈ।
ਵਿਦੇਸ਼ੀ ਦਾਨ ਨਹੀਂ ਕਰ ਸਕਦੇ
ਫੈਡਰਲ ਇਲੈਕਸ਼ਨ ਕਮਿਸ਼ਨ (ਐਫਈਸੀ) ਦਾ ਗਠਨ ਅਮਰੀਕਾ ਵਿੱਚ ਫੰਡ ਇਕੱਠਾ ਕਰਨ ਦੇ ਨਿਯਮਾਂ ਦੀ ਨਿਗਰਾਨੀ ਕਰਨ ਲਈ ਕੀਤਾ ਗਿਆ ਹੈ। ਇਸ ਕਮੇਟੀ ਨੇ 90 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨੀ ਹੈ, ਜਿਸ ਵਿੱਚ $200 ਜਾਂ ਇਸ ਤੋਂ ਵੱਧ ਦਾਨ ਕਰਨ ਵਾਲਿਆਂ ਦੇ ਵੇਰਵੇ ਸ਼ਾਮਲ ਹਨ। ਦਾਨੀ ਦਾ ਪੂਰਾ ਵੇਰਵਾ, ਮਿਤੀ ਅਤੇ ਰਕਮ ਦੇਣੀ ਹੋਵੇਗੀ। ਅਮਰੀਕਾ ਵਿੱਚ ਦਾਨ ਦੀ ਰਕਮ ‘ਤੇ ਕੋਈ ਪਾਬੰਦੀ ਨਹੀਂ ਹੈ। ਟਰੰਪ ਦੀ ਕਮੇਟੀ ਨੇ ਨਵੇਂ ਰਾਸ਼ਟਰਪਤੀ ਤੱਕ ਪਹੁੰਚ ਹਾਸਲ ਕਰਨ ਦੇ ਚਾਹਵਾਨਾਂ ਲਈ ਵੱਧ ਤੋਂ ਵੱਧ 10 ਲੱਖ ਡਾਲਰ ਦੀ ਰਕਮ ਤੈਅ ਕੀਤੀ ਹੈ।
ਸਿਰਫ਼ ਅਮਰੀਕੀ ਨਾਗਰਿਕ ਹੀ ਦਾਨ ਕਰ ਸਕਦੇ ਹਨ, ਬਾਹਰਲੇ ਲੋਕ ਦਾਨ ਨਹੀਂ ਕਰ ਸਕਦੇ। ਇਹ ਕਮੇਟੀ ਦਾਨ ਦੀ ਰਕਮ ਪ੍ਰਾਪਤ ਕਰਨ ਤੋਂ ਬਾਅਦ 90 ਦਿਨਾਂ ਤੱਕ ਕਿਸੇ ਵੀ ਰਜਿਸਟਰਡ ਚੈਰਿਟੀ ਨੂੰ ਭੁਗਤਾਨ ਕਰ ਸਕਦੀ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਪੈਸਾ ਕਿਵੇਂ ਖਰਚਿਆ ਗਿਆ ਹੈ? ਸੂਤਰਾਂ ਅਨੁਸਾਰ ਰਾਸ਼ਟਰਪਤੀ ਦਾਨ ਰਾਸ਼ੀ ਨੂੰ ਆਪਣੀ ਲਾਇਬ੍ਰੇਰੀ ਆਦਿ ਦੇ ਖਰਚਿਆਂ ਲਈ ਵਰਤ ਸਕਦੇ ਹਨ। ਇਸ ਪੈਸੇ ਨੂੰ ਲੈ ਕੇ ਕਈ ਵਿਵਾਦ ਵੀ ਹੋ ਚੁੱਕੇ ਹਨ।