ਫੈਕਟ ਸਮਾਚਾਰ ਸੇਵਾ
ਪ੍ਰਯਾਗਰਾਜ , ਜਨਵਰੀ 10
ਉਦਯੋਗਪਤੀ ਗੌਤਮ ਅਡਾਨੀ ਮਹਾਕੁੰਭ ਵਿਚ ਹਰ ਰੋਜ਼ ਇਕ ਲੱਖ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ ਕਰਵਾਉਣਗੇ। ਜਦੋਂਕਿ ਇਕ ਕਰੋੜ ਆਰਤੀ ਸੰਗ੍ਰਹਿ ਪੁਸਤਕਾਂ ਵੰਡਣਗੇ। ਖਾਣੇ ਵਿਚ ਰੋਟੀ, ਦਾਲ, ਚੌਲ, ਸਬਜ਼ੀਆਂ ਤੇ ਮਠਿਆਈਆਂ ਹੋਣਗੀਆਂ। ਇਸ ਲਈ ਅਡਾਨੀ ਗਰੁੱਪ ਨੇ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸ਼ਿਅਸਨੈਸ ਨਾਲ ਹੱਥ ਮਿਲਾਇਆ ਹੈ। ਡੀਐੱਸਏ ਗਰਾਊਂਡ ਦੇ ਨੇੜੇ ਮਹਾਰਸੋਈ ਬਣਾਈ ਜਾ ਰਹੀ ਹੈ, ਜਿੱਥੇ ਹਰ ਰੋਜ਼ ਇੱਕ ਲੱਖ ਤੋਂ ਵੱਧ ਲੋਕਾਂ ਲਈ ਭੋਜਨ ਤਿਆਰ ਕੀਤਾ ਜਾਵੇਗਾ।
ਇੱਥੇ ਸਫਾਈ ਅਤੇ ਪ੍ਰਬੰਧਨ ਲਈ 1,800 ਲੋਕ ਤਾਇਨਾਤ ਕੀਤੇ ਜਾਣਗੇ। ਇਹ ਪ੍ਰਯਾਗਰਾਜ ਜੰਕਸ਼ਨ ਦੇ ਨੇੜੇ ਚਲਾਇਆ ਜਾਵੇਗਾ। ਇਸ ਨਾਲ ਜੰਕਸ਼ਨ ‘ਤੇ ਆਉਣ-ਜਾਣ ਵਾਲੇ ਤੇ ਖੁਸਰੋਬਾਗ ‘ਚ ਰੁਕਣ ਵਾਲੇ ਲੋਕ ਮਹਾਪ੍ਰਸਾਦ ਪ੍ਰਾਪਤ ਕਰ ਸਕਣਗੇ। ਗੌਤਮ ਅਡਾਨੀ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਕੁੰਭ ਸੇਵਾ ਦੀ ਉਹ ਪਵਿੱਤਰ ਧਰਤੀ ਹੈ, ਜਿੱਥੇ ਹਰ ਹੱਥ ਆਪਣੇ ਆਪ ਹੀ ਦਾਨ ’ਚ ਲੱਗ ਜਾਂਦਾ ਹੈ।
ਉਨ੍ਹਾਂ ਲਿਖਿਆ ਕਿ ਇਹ ਮੇਰਾ ਸੁਭਾਗ ਹੈ ਕਿ ਮਹਾਕੁੰਭ ਵਿਚ ਇਸਕਾਨ ਦੇ ਸਹਿਯੋਗ ਨਾਲ ਅਸੀਂ ਸ਼ਰਧਾਲੂਆਂ ਲਈ ਮਹਾਪ੍ਰਸਾਦ ਸੇਵਾ ਸ਼ੁਰੂ ਕਰ ਰਹੇ ਹਾਂ, ਜਿਸ ਵਿਚ ਮਾਂ ਅੰਨਪੂਰਨਾ ਦੇ ਆਸ਼ੀਰਵਾਦ ਨਾਲ ਲੱਖਾਂ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਅਡਾਨੀ ਨੇ ਇਸਕਾਨ ਗੁਰੂ ਪ੍ਰਸਾਦ ਸਵਾਮੀ ਨਾਲ ਮੁਲਾਕਾਤ ਕੀਤੀ ਅਤੇ ਇਕ ਫੋਟੋ ਵੀ ਪੋਸਟ ਕੀਤੀ। ਉਨ੍ਹਾਂ ਲਿਖਿਆ ਕਿ ਸਵਾਮੀ ਜੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਪ੍ਰਤੀ ਸਮਰਪਣ ਦੀ ਸ਼ਕਤੀ ਨੂੰ ਡੂੰਘਾਈ ਨਾਲ ਅਨੁਭਵ ਕਰਨ ਦਾ ਮੌਕਾ ਮਿਲਿਆ। ਸਹੀ ਅਰਥਾਂ ਵਿਚ ਸੇਵਾ ਦੇਸ਼ ਭਗਤੀ ਦਾ ਸਭ ਤੋਂ ਉੱਚਾ ਰੂਪ ਹੈ। ਸੇਵਾ ਸਾਧਨਾ ਹੈ, ਸੇਵਾ ਪ੍ਰਾਰਥਨਾ ਹੈ ਅਤੇ ਸੇਵਾ ਹੀ ਪਰਮਾਤਮਾ ਹੈ।