ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 30
ਚੀਨ ਵਿਚ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਮਿਲਿਆ ਹੈ। ਹੁਨਾਨ ਸੂਬੇ ਵਿਚ ਮਿਲੇ ਇਸ ਭੰਡਾਰ ’ਚੋਂ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਨਿਕਲਣ ਦਾ ਅੰਦਾਜ਼ਾ ਹੈ। ਇਹ ਖਾਨ ਧਰਤੀ ਤੋਂ ਲਗਪਗ ਤਿੰਨ ਕਿਲੋਮੀਟਰ ਹੇਠਾਂ ਮਿਲੀ ਹੈ। ਇੰਨਾ ਵਿਸ਼ਾਲ ਸੋਨੇ ਦਾ ਭੰਡਾਰ ਮਿਲਣ ਨਾਲ ਨਾ ਸਿਰਫ਼ ਚੀਨ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਬਲਕਿ ਉਸਨੂੰ ਆਪਣੀ ਘਰੇਲੂ ਮੰਗ ਨੂੰ ਪੂਰਾ ਕਰਨ ਵਿਚ ਵੀ ਮਦਦ ਮਿਲੇਗੀ।
ਹੁਨਾਨ ਭੂ-ਵਿਗਿਆਨ ਅਕਾਦਮੀ ਨੇ ਸੋਨੇ ਦੇ ਭੰਡਾਰ ਦੀ ਖੋਜ ਕੀਤੀ ਹੈ। ਇਹ ਭੰਡਾਰ ਪਿੰਗਜਿਆਂਗ ਕਾਉਂਟੀ ਵਿਚ ਹੈ ਜਿੱਥੇ ਭੂ-ਵਿਗਿਆਨੀਆਂ ਨੇ ਕਰੀਬ ਤਿੰਨ ਕਿਲੋਮੀਟਰ ਦੀ ਡੂੰਘਾਈ ’ਤੇ 40 ਸੋਨੇ ਦੀਆਂ ਜੜ੍ਹਾਂ ਦੀ ਪਛਾਣ ਕੀਤੀ ਗਈ ਹੈ। 3 ਕਿਲੋਮੀਟਰ ਦੀ ਡੂੰਘਾਈ ਵਿਚ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਹੋਣ ਦਾ ਅੰਦਾਜ਼ਾ ਹੈ। ਇਸ ਦੀ ਕੀਮਤ ਲਗਪਗ 83 ਅਰਬ ਡਾਲਰ ਮੰਨੀ ਗਈ ਹੈ। ਇਹ ਸ਼ਾਇਦ ਹੁਣ ਤੱਕ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ ਅਤੇ ਦੱਖਣੀ ਅਫਰੀਕਾ ਦੀ ਸਾਊਥ ਡੀਪ ਖਾਨ ਤੋਂ ਵੀ ਵੱਡਾ ਹੈ, ਜਿੱਥੇ ਲਗਪਗ 900 ਟਨ ਸੋਨੇ ਦਾ ਭੰਡਾਰ ਹੈ।