ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਨਵੰਬਰ 29
ਚੰਡੀਗੜ੍ਹ ਵਾਸੀਆਂ ’ਚ ਆਪਣੇ ਨਵੇਂ ਵਾਹਨਾਂ ’ਤੇ ਫੈਂਸੀ ਨੰਬਰ ਲਾਉਣ ਦਾ ਕਾਫ਼ੀ ਕ੍ਰੇਜ਼ ਵਧ ਰਿਹਾ ਹੈ। ਪ੍ਰਸ਼ਾਸਨ ਵੀ ਆਪਣੇ ਇਨ੍ਹਾਂ ਫੈਂਸੀ ਨੰਬਰਾਂ ਨੂੰ ਵੇਚ ਕੇ ਖ਼ਜ਼ਾਨਾ ਭਰ ਰਿਹਾ ਹੈ। 3 ਦਿਨ ਤੱਕ ਚੱਲੀ ਈ-ਨਿਲਾਮੀ ’ਚ ਪ੍ਰਸ਼ਾਸਨ ਨੇ ਇਕ ਕਰੋੜ 92 ਲੱਖ ਰੁਪਏ ਦਾ ਮਾਲੀਆ ਇਕੱਠਾ ਕੀਤਾ।
ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਦਫ਼ਤਰ ਨੇ 25 ਨਵੰਬਰ ਤੋਂ 27 ਨਵੰਬਰ ਤੱਕ ਨਵੀਂ ਲੜੀ ਸੀਐੱਚ 01-ਸੀਐਕਸ (0001 ਤੋਂ 9999) ਤੇ ਪਿਛਲੀ ਲੜੀ ਦੇ ਬਚੇ ਹੋਏ ਫੈਂਸੀ ਤੇ ਖਾਸ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਕਰਵਾਈ। ਇਸ ਨਿਲਾਮੀ ’ਚ ਕੁੱਲ 382 ਰਜਿਸਟ੍ਰੇਸ਼ਨ ਨੰਬਰ ਵੇਚੇ ਗਏ ਹਨ। ਜਿਸ ਤੋਂ ਪ੍ਰਸ਼ਾਸਨ ਨੇ ਇਹ ਮਾਲੀਆ ਇਕੱਠਾ ਕੀਤਾ ਹੈ। ਇਸ ਨਿਲਾਮੀ ’ਚ ਸਭ ਤੋਂ ਵੱਧ ਮਹਿੰਗਾ ਨੰਬਰ 0001 ਵਿਕਿਆ ਹੈ ਜੋ ਕਿ 20 ਲੱਖ 70 ਹਜ਼ਾਰ ਰੁਪਏ ’ਚ ਵਿਕਿਆ ਹੈ। ਇਸ ਦੀ ਸਭ ਤੋਂ ਵੱਧ ਬੋਲੀ ਲੱਗੀ ਹੈ। ਰਜਿਸਟ੍ਰੇਸ਼ਨ ਦਫ਼ਤਰ ਮੁਤਾਬਕ ਇਹ ਨੰਬਰ ਮਰਸਡੀਜ਼ ਕਾਰ ’ਤੇ ਲੱਗੇਗਾ।