ਫੈਕਟ ਸਮਾਚਾਰ ਸੇਵਾ
ਕੁਰੂਕਸ਼ੇਤਰ, ਨਵੰਬਰ 27
ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਤੋਂ ਇਕ ਦਿਨ ਪਹਿਲਾਂ ਅੱਜ ਕੁਰੂਕਸ਼ੇਤਰ ‘ਚ ਵੱਡੇ ਪੱਧਰ ‘ਤੇ ਸਫਾਈ ਮੁਹਿੰਮ ਚਲਾਈ ਗਈ ਸੀ, ਜਿਸ ਦੀ ਕਮਾਨ ਖੁਦ ਮੁੱਖ ਮੰਤਰੀ ਨਾਯਬ ਸੈਣੀ ਨੇ ਸੰਭਾਲੀ ਸੀ। ਮਹਾਂਭਾਰਤ ਦੇ 18 ਅਧਿਆਏ ਦੇ ਆਧਾਰ ‘ਤੇ ਪੂਰੇ ਸ਼ਹਿਰ ਨੂੰ 18 ਸੈਕਟਰਾਂ ਵਿਚ ਵੰਡਿਆ ਗਿਆ ਸੀ ਅਤੇ ਇਸ ਵਿਚ ਸ਼ਹਿਰ ਦੀਆਂ ਸਾਰੀਆਂ ਸਮਾਜਿਕ, ਧਾਰਮਿਕ, ਵਿਦਿਅਕ ਅਤੇ ਹੋਰ ਸੰਸਥਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਮੁੱਖ ਮੰਤਰੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਸ਼ੇਖ ਚਿੱਲੀ ਦੇ ਮਕਬਰੇ ਨੇੜਿਓਂ ਕੀਤੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਗੀਤਾ ਦੀ ਇਸ ਧਰਤੀ ਤੋਂ ਸ੍ਰੀ ਕ੍ਰਿਸ਼ਨ ਨੇ ਹਜ਼ਾਰਾਂ ਸਾਲ ਪਹਿਲਾਂ ਸਮੁੱਚੀ ਮਨੁੱਖਤਾ ਨੂੰ ਅਮਰ ਸੰਦੇਸ਼ ਦਿੱਤਾ ਸੀ। ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਆਉਂਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਇਸ ਧਾਰਮਿਕ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ਼ ਰੱਖੀਏ ਤਾਂ ਜੋ ਇੱਥੇ ਆਉਣ ਵਾਲਾ ਹਰ ਕੋਈ ਗੀਤਾ ਦੇ ਸੰਦੇਸ਼ ਦੇ ਨਾਲ-ਨਾਲ ਸਵੱਛਤਾ ਦਾ ਸੰਦੇਸ਼ ਲੈ ਕੇ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਚੰਗੀ ਕਿਸਮਤ ਦੀ ਗੱਲ ਹੈ ਕਿ ਅਸੀਂ ਇਸ ਧਰਤੀ ‘ਤੇ ਰਹਿੰਦੇ ਹਾਂ।