ਫੈਕਟ ਸਮਾਚਾਰ ਸੇਵਾ
ਕੁਰੂਕਸ਼ੇਤਰ , ਨਵੰਬਰ 24
ਅੰਤਰਰਾਸ਼ਟਰੀ ਗੀਤਾ ਜੈਅੰਤੀ ਮਹਾਉਤਸਵ ਵਿਚ ਅਧਿਆਤਮ, ਸੰਸਕ੍ਰਿਤੀ ਦਾ ਸੁਮੇਲ ਦਿਸੇਗਾ। 28 ਨਵੰਬਰ ਤੋਂ 15 ਦਸੰਬਰ ਤੱਕ ਪੂਰਾ ਹਰਿਆਣਾ ਗੀਤਾ ਦੇ ਰੰਗ ਵਿਚ ਰੰਗਿਆ ਨਜ਼ਰ ਆਵੇਗਾ। ‘ਸ਼੍ਰੀਮਦਭਗਵਦਗੀਤਾ’ ਦੇ ਜਨਮ ਸਥਾਨ ਧਰਮ ਖੇਤਰ ਕੁਰੂਕਸ਼ੇਤਰ ਦੀ ਜ਼ਮੀਨ ’ਤੇ ਸਾਲ 2016 ਤੋਂ ਮਨਾਏ ਜਾ ਰਹੇ ਅੰਤਰਾਸ਼ਟਰੀ ਗੀਤਾ ਮਹਾਉਤਸਵ ਵਿਚ ਇਸ ਵਾਰ ਕੁਰੂਕਸ਼ੇਤਰ ਵਿਚ ਪੰਜ ਤੋਂ 11 ਦਸੰਬਰ ਤੱਕ ਮੁੱਖ ਪ੍ਰੋਗਰਾਮ ਹੋਣਗੇ ਜਦਕਿ ਆਖਰੀ ਤਿੰਨ ਦਿਨ ਸਾਰੇ ਜ਼ਿਲ੍ਹਾ ਦਫਤਰਾਂ ’ਤੇ ਪ੍ਰੋਗਰਾਮ ਹੋਣਗੇ। ਗੀਤਾ ਜੈਅੰਤੀ ਦੇ ਦਿਨ 11 ਦਸੰਬਰ ਨੂੰ ਜਿਯੋਤੀਸਰ ਤੀਰਥ ’ਤੇ ਗੀਤਾ ਜੱਗ ਦੇ ਨਾਲ 18 ਹਜ਼ਾਰ ਵਿਦਿਆਰਥੀ ਗੀਤਾ ਸ਼ਲੋਕਾਂ ਦਾ ਉਚਾਰਣ ਕਰਨਗੇ।
ਮੁੱਖ ਮੰਤਰੀ ਨਾਇਬ ਸੈਣੀ ਨੇ ਬੀਤੇ ਦਿਨੀਂ ਪ੍ਰੋਗਰਾਮ ਦੇ ਹਿੱਸੇਦਾਰ ਦੇਸ਼ ਤੰਜਾਨੀਆ ਦੀ ਹਾਈ ਕਮਿਸ਼ਨਰ ਅਨੀਸ਼ਾ ਕਪੁਫੀ ਮੋਬੇਗਾ ਤੇ ਹਿੱਸੇਦਾਰ ਸਟੇਟ ਓਡੀਸ਼ਾ ਦੇ ਸੰਸਕ੍ਰਿਤੀ ਰਾਜ ਮੰਤਰੀ ਸੂਰਿਆਵੰਸ਼ੀ ਦੇ ਨਾਲ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦੀਆਂ ਤਿਆਰੀਆਂ ਸਾਂਝੀਆਂ ਕੀਤੀਆਂ ਸਨ। 18 ਦਿਨਾਂ ਤੱਕ ਚੱਲਣ ਵਾਲੇ ਮਹਾਉਤਸਵ ਦੀ ਸ਼ੁਰੂਆਤ ਪੰਜ ਦਸੰਬਰ ਨੂੰ ਬ੍ਰਹਮਸਰੋਵਰ ਦੇ ਪੁਰੂਸ਼ੋਤਮਪੁਰਾ ਬਾਗ ਵਿਚ ਗੀਤਾ ਯੱਗ ਤੇ ਪੂਜਾ ਨਾਲ਼ ਹੋਵੇਗੀ।ਮਹਾਉਤਸਵ ਦੌਰਾਨ ਗੀਤਾ ਦੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਪਿਛਲੇ ਸਾਲ ਕਰੀਬ 45 ਤੋਂ 50 ਲੱਖ ਲੋਕਾਂ ਨੇ ਗੀਤਾ ਮਹਾਉਤਸਵ ਵਿਚ ਹਿੱਸੇਦਾਰੀ ਕੀਤੀ ਸੀ।
ਗੀਤਾ ਦੇ ਜਾਣਖਕਾਰ ਗਿਆਨਾਨੰਦ ਨੇ ਦੱਸਿਆ ਕਿ ਪਹਿਲੀ ਵਾਰ ਸਾਲ 2019 ਵਿਚ ਮਾਰੀਸ਼ੱਸ਼ ਵਿਚ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦਾ ਪ੍ਰੋਗਰਾਮ ਹੋਇਆ ਸੀ। ਉਸ ਤੋਂ ਬਾਅਦ ਸਤੰਬਰ 2022 ਵਿਚ ਕੈਨੇਡਾ, ਅਪ੍ਰੈਲ 2023 ਵਿਚ ਆਸਟ੍ਰੇਲੀਆ ਤੇ 2024 ਵਿਚ ਸ਼੍ਰੀਲੰਕਾ ਤੇ ਇੰਗਲੈਂਡ ਵਿਚ ਗੀਤਾ ਮਹਾਉਤਸਵ ਮਨਾਇਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਪੂਰੇ 18 ਦਿਨ ਕੁਰੂਕਸ਼ੇਤਰ ਵਿਚ ਬ੍ਰਹਮ ਸਰੋਵਰ ਦੇ ਪਵਿੱਤਰ ਕੰਢੇ ਤੇ ਗੀਤਾ ਮਹਾ ਆਰਤੀ ਹੋਵੇਗੀ।