ਫੈਕਟ ਸਮਾਚਾਰ ਸੇਵਾ
ਜਲੰਧਰ , ਨਵੰਬਰ 13
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ Z+ ਸੁਰੱਖਿਆ ਵਾਪਸ ਲੈ ਲਈ ਗਈ ਹੈ। ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਹੀ Z+ ਸੁਰੱਖਿਆ ਵਾਪਸ ਲੈਣ ਲਈ ਕੇਂਦਰ ਨੂੰ ਪੱਤਰ ਲਿਖਿਆ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਅੱਜ ਕੇਂਦਰ ਨੇ ਉਨ੍ਹਾਂ ਕੋਲੋਂ Z+ ਸਕਿਓਰਿਟੀ ਵਾਪਸ ਲੈ ਲਈ ਹੈ। ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੀ ਸੁਰੱਖਿਆ ਵਿੱਚ ਕਰੀਬ 15 ਤੋਂ 20 ਮੁਲਾਜ਼ਮ ਤਾਇਨਾਤ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਅਸਤੀਫਾ ਨਾਮਨਜ਼ੂਰ ਕੀਤਾ ਸੀ । ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੀਆਂ ਤਖਤ ਸਾਹਿਬਾਨ ਦੀਆਂ ਸੇਵਾਵਾਂ ਬੇਮਿਸਾਲ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਉਹਨਾਂ ਨੂੰ ਅਜੇ ਲੋੜ ਹੈ। ਤਖਤ ਸਾਹਿਬਾਨ ਦੀਆਂ ਸੇਵਾਵਾਂ ਲਗਾਤਾਰ ਉਹ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰਦਾ ਹਾਂ ਅਤੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ l ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਹਮੇਸ਼ਾ ਹੀ ਸਿੱਖ ਪੰਥ ਲਈ ਸਤਿਕਾਰਯੋਗ ਹੁੰਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮੇਸ਼ਾ ਹੀ ਕੀਤਾ ਜਾਂਦਾ ਹੈ ਅਤੇ ਕੀਤਾ ਜਾਂਦਾ ਰਹੇਗਾ। ਅਸੀਂ ਸਿੰਘ ਸਾਹਿਬਾਨ ਦੇ ਨਾਲ ਹਮੇਸ਼ਾ ਹੀ ਖੜ੍ਹੇ ਹਾਂ।