View in English:
October 26, 2024 9:03 pm

SDM ਦੂਧਨਸਾਧਾਂ ਪਰਾਲੀ ਪ੍ਰਬੰਧਨ ਕਰਵਾਉਣ ਲਈ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 26

ਉਪ ਮੰਡਲ ਮੈਜਿਸਟਰੇਟ ਦੂਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਲਈ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਪਿੰਡ ਮੀਰਾਂਪੁਰ ਵਿਖੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੀ ਖੇਤਾਂ ਵਿੱਚ ਜਾ ਕੇ ਹੌਸਲਾ ਅਫ਼ਜ਼ਾਈ ਕੀਤੀ ਅਤੇ ਪਿੰਡ ਮਸੀਂਗਣ ਵਿਖੇ ਖੇਤਾਂ ਵਿੱਚ ਲੱਗੀ ਅੱਗ ਨੂੰ ਮੌਕੇ ’ਤੇ ਜਾ ਕੇ ਬੁਝਵਾਇਆ ਤੇ ਬਿਨਾਂ ਸੁਪਰ ਐਸ.ਐਮ.ਐਸ ਦੇ ਵਾਢੀ ਕਰਨ ਵਾਲੀ ਕੰਬਾਈਨ ’ਤੇ ਕਰਵਾਈ ਕੀਤੀ।

ਕ੍ਰਿਪਾਲਵੀਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਦੂਧਨਸਾਧਾਂ ਅੰਦਰ ਪਰਾਲੀ ਪ੍ਰਬੰਧਨ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਸਮੁੱਚਾ ਪ੍ਰਸ਼ਾਸਨ ਫ਼ੀਲਡ ਵਿੱਚ ਤਾਇਨਾਤ ਹੈ ਤੇ ਪਿੰਡ ਵਿੱਚ ਨੋਡਲ ਅਫ਼ਸਰਾਂ ਵੱਲੋਂ ਜਿਥੇ ਸੱਥਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਪਰਾਲੀ ਪ੍ਰਬੰਧਨ ਵਿੱਚ ਉਪਯੋਗ ਆਉਣ ਵਾਲੀ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਕਿਸਾਨਾਂ ਦਾ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਵੀ ਪਰਾਲੀ ਪ੍ਰਬੰਧਨ ਲਈ ਨਵੀਨਤਮ ਤਕਨੀਕਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਮੀਰਾਂਪੁਰ ਵਿਖੇ ਸੁਪਰ ਸੀਡਰ ਨਾਲ ਬਿਜਾਈ ਕਰ ਰਹੇ ਕਿਸਾਨ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਹੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਨਵੀਨਤਮ ਤਕਨੀਕਾਂ ਅਪਣਾਉਂਦੇ ਹੋਏ ਪਰਾਲੀ ਦਾ ਨਿਪਟਾਰਾ ਕਰਨ ਤੇ ਅਗਲੀ ਫ਼ਸਲ ਦੀ ਬਿਜਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਇਹ ਜ਼ਰੂਰੀ ਹੈ ਕਿ ਹੁਣ ਅਸੀਂ ਵਾਤਾਵਰਣ ਪ੍ਰਤੀ ਸੁਚੇਤ ਹੋਈਏ ਤੇ ਵਾਤਾਵਰਣ ਪੱਖੀ ਤਕਨੀਕਾਂ ਦੀ ਵਰਤੋਂ ਕਰਨ ਨੂੰ ਤਰਜ਼ੀਹ ਦਈਏ।

Leave a Reply

Your email address will not be published. Required fields are marked *

View in English