View in English:
October 22, 2024 5:20 am

LAC ‘ਤੇ ਗਸ਼ਤ ਲਈ ਭਾਰਤ ਅਤੇ ਚੀਨ ਵਿਚਾਲੇ ਹੋਇਆ ਸਮਝੌਤਾ

ਸਰਹੱਦ ‘ਤੇ ਚੱਲ ਰਿਹਾ ਤਣਾਅ ਘੱਟ ਹੋਣ ਦੀ ਉਮੀਦ : ਵਿਦੇਸ਼ ਸਕੱਤਰ ਵਿਕਰਮ ਮਿਸਤਰੀ
ਭਾਰਤ ਅਤੇ ਚੀਨ ਲਗਾਤਾਰ ਗੱਲਬਾਤ ਤੋਂ ਬਾਅਦ ਅਸਲ ਕੰਟਰੋਲ ਰੇਖਾ ‘ਤੇ ਗਸ਼ਤ ਲਈ ਨਿਸ਼ਚਿਤ ਵਿਵਸਥਾ ‘ਤੇ ਸਹਿਮਤ ਹੋ ਗਏ ਹਨ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਹਾਲ ਹੀ ਵਿੱਚ ਹੋਈ ਗੱਲਬਾਤ ਤੋਂ ਬਾਅਦ ਐਲਏਸੀ ਦੇ ਨਾਲ ਗਸ਼ਤ ਨੂੰ ਲੈ ਕੇ ਇੱਕ ਸਮਝੌਤੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਸਰਹੱਦ ‘ਤੇ ਚੱਲ ਰਿਹਾ ਤਣਾਅ ਘੱਟ ਹੋਣ ਦੀ ਉਮੀਦ ਹੈ।

ਮਿਸਤਰੀ ਨੇ ਕਿਹਾ ਕਿ ਚੀਨ ਨਾਲ ਗਸ਼ਤ ਦੇ ਮੁੱਦਿਆਂ ‘ਤੇ ਚਰਚਾ ਕਰਨ ਤੋਂ ਬਾਅਦ ਅਸੀਂ ਇਕ ਮਹੱਤਵਪੂਰਨ ਸਮਝੌਤੇ ‘ਤੇ ਪਹੁੰਚ ਗਏ ਹਾਂ। ਇਸ ਸਮਝੌਤੇ ਨਾਲ ਸਰਹੱਦ ‘ਤੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਹੀ ਗੱਲਬਾਤ ਦੌਰਾਨ ਆਖਰਕਾਰ ਅਸੀਂ ਅਸਲ ਕੰਟਰੋਲ ਰੇਖਾ ‘ਤੇ ਗਸ਼ਤ ਲਈ ਇੱਕ ਨਿਸ਼ਚਿਤ ਪ੍ਰਬੰਧ ‘ਤੇ ਪਹੁੰਚ ਗਏ ਹਾਂ। ਇਹ ਸਮਝੌਤਾ 2020 ਤੱਕ ਸਰਹੱਦ ‘ਤੇ ਚੱਲ ਰਹੇ ਤਣਾਅ ਨੂੰ ਘੱਟ ਕਰਨ ‘ਚ ਸਾਡੀ ਮਦਦ ਕਰੇਗਾ।
ਵਿਦੇਸ਼ ਸਕੱਤਰ ਨੇ ਕਿਹਾ ਕਿ ਬਾਕੀ ਮੁੱਦਿਆਂ ਨੂੰ ਲੈ ਕੇ ਭਾਰਤੀ ਅਤੇ ਚੀਨੀ ਅਧਿਕਾਰੀ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਸੰਪਰਕ ਵਿੱਚ ਹਨ। ਆਸ ਕਰਦੇ ਹਾਂ ਕਿ ਬਾਕੀ ਮਸਲੇ ਵੀ ਹੱਲ ਹੋ ਜਾਣਗੇ। ਰਿਪੋਰਟਾਂ ਮੁਤਾਬਕ ਭਾਰਤ ਅਤੇ ਚੀਨ ਵਿਚਾਲੇ ਗਸ਼ਤ ਸਬੰਧੀ ਇਹ ਸਮਝੌਤਾ ਡੇਪਸਾਂਗ ਅਤੇ ਡੇਮਚੋਕ ਖੇਤਰਾਂ ਨਾਲ ਸਬੰਧਤ ਹੈ।

ਪੂਰਬੀ ਲੱਦਾਖ ਸਰਹੱਦ ‘ਤੇ 2020 ਦੀ ਝੜਪ ਤੋਂ ਬਾਅਦ ਦੋਵਾਂ ਗੁਆਂਢੀਆਂ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ। ਪਿਛਲੇ ਕਈ ਸਾਲਾਂ ਤੋਂ ਭਾਰਤ ਅਤੇ ਚੀਨ ਵਿਚਾਲੇ ਲਗਾਤਾਰ ਬੈਠਕਾਂ ਹੁੰਦੀਆਂ ਰਹੀਆਂ ਹਨ ਪਰ ਕੋਈ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਗਸ਼ਤ ਦੌਰਾਨ ਭਾਰਤ ਅਤੇ ਚੀਨ ਦੀ ਸਰਹੱਦ ਵਿਚਾਲੇ ਲਗਾਤਾਰ ਤਣਾਅ ਵਾਲੀ ਸਥਿਤੀ ਬਣੀ ਰਹੀ। ਭਾਰਤ ਅਤੇ ਚੀਨ ਵਿਚਾਲੇ ਇਹ ਸਮਝੌਤਾ ਪੀਐਮ ਮੋਦੀ ਦੇ ਰੂਸ ਦੌਰੇ ਤੋਂ ਠੀਕ ਪਹਿਲਾਂ ਹੋਇਆ ਹੈ।

ਕੀ ਬ੍ਰਿਕਸ ਸੰਮੇਲਨ ‘ਚ ਹੋਵੇਗੀ PM ਮੋਦੀ-ਸ਼ੀ ਜਿਨਪਿੰਗ ਮੁਲਾਕਾਤ?
ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰੂਸ ਜਾਣ ਵਾਲੇ ਹਨ। ਇਨ੍ਹਾਂ ਦੋਹਾਂ ਨੇਤਾਵਾਂ ਦੀ ਦੁਵੱਲੀ ਬੈਠਕ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਦੋਵੇਂ ਨੇਤਾ ਸੰਮੇਲਨ ਤੋਂ ਇਲਾਵਾ ਦੋ-ਪੱਖੀ ਬੈਠਕ ਵੀ ਕਰ ਸਕਦੇ ਹਨ।

ਦੁਨੀਆ ਦੀਆਂ ਨਜ਼ਰਾਂ ਰੂਸ ਦੇ ਕਜ਼ਾਨ ਸ਼ਹਿਰ ‘ਚ ਹੋਣ ਵਾਲੇ ਬ੍ਰਿਕਸ ਸੰਮੇਲਨ ‘ਤੇ ਹੋਣਗੀਆਂ। ਕਿਉਂਕਿ ਰੂਸੀ ਰਾਸ਼ਟਰਪਤੀ ਭਾਰਤ ਅਤੇ ਚੀਨ ਨੂੰ ਇੱਕ ਮੰਚ ‘ਤੇ ਲਿਆ ਕੇ ਦੁਨੀਆ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਸਾਲ ਬ੍ਰਿਕਸ ਦੇ ਮੈਂਬਰ ਬਣਨ ਲਈ ਅਪਲਾਈ ਕੀਤਾ ਹੈ। ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਹੋਰ ਵਿਸ਼ਵ ਨੇਤਾਵਾਂ ਨਾਲ ਵੀ ਦੁਵੱਲੀ ਬੈਠਕ ਕਰਨਗੇ। ਸ਼ੁਰੂ ਵਿੱਚ ਬ੍ਰਿਕਸ ਵਿੱਚ ਸਿਰਫ਼ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਸ਼ਾਮਲ ਸਨ, ਬਾਅਦ ਵਿੱਚ ਇਰਾਨ, ਮਿਸਰ, ਇਥੋਪੀਆ ਅਤੇ ਸੰਯੁਕਤ ਅਰਬ ਅਮੀਰਾਤ ਵੀ ਇਸ ਵਿੱਚ ਸ਼ਾਮਲ ਹੋਏ। ਬ੍ਰਿਕਸ ਦੇਸ਼ਾਂ ਵਿਚ ਰੂਸ ਇਸ ਸਮੇਂ ਯੂਕਰੇਨ ਨਾਲ ਜੰਗ ਵਿਚ ਉਲਝਿਆ ਹੋਇਆ ਹੈ, ਜਦੋਂ ਕਿ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਵਰਗੀ ਸਥਿਤੀ ਜਾਰੀ ਹੈ।

Leave a Reply

Your email address will not be published. Required fields are marked *

View in English