View in English:
October 19, 2024 3:54 pm

ਪਟਿਆਲਾ : ਵਿਵੇਕ ਪ੍ਰਤਾਪ ਸਿੰਘ ਵੱਲੋਂ ਝੋਨੇ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 19

ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਵਜੋਂ ਲਗਾਏ ਗਏ ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਇੱਕ ਅਹਿਮ ਬੈਠਕ ਕਰਕੇ ਝੋਨੇ ਦੀ ਸਮੁੱਚੀ ਖਰੀਦ ਪ੍ਰਕ੍ਰਿਆ ਦਾ ਮੁਲੰਕਣ ਕੀਤਾ। ਇਸ ਮੌਕੇ ਉਨ੍ਹਾਂ ਨੇ ਮੰਡੀਆਂ ‘ਚ ਆਏ ਝੋਨੇ ਦੀ ਤੁਰੰਤ ਖਰੀਦ ਅਤੇ ਇਸ ਦੀ ਨਾਲੋ-ਨਾਲ ਲਿਫ਼ਟਿੰਗ ‘ਤੇ ਜ਼ੋਰ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਐਫ.ਸੀ.ਆਈ. ਵੱਲੋਂ ਵੀ ਝੋਨੇ ਦੀ ਖਰੀਦ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਸ.ਐਸ.ਪੀ. ਡਾ. ਨਾਨਕ ਸਿੰਘ ਨਾਲ ਵੀ ਮੁਲਾਕਾਤ ਕੀਤੀ।
ਪਟਿਆਲਾ ਜ਼ਿਲ੍ਹੇ ਦੇ ਪ੍ਰਭਾਰੀ ਵਿਵੇਕ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖਰੀਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕੋਈ ਦਿਕਤ ਨਾ ਆਉਣ ਦਿਤੀ ਜਾਵੇ, ਜਿਸ ਲਈ ਉਹ ਖ਼ੁਦ ਜ਼ਿਲ੍ਹੇ ਵਿੱਚ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲੈ ਰਹੇ ਹਨ।
ਵਿਵੇਕ ਪ੍ਰਤਾਪ ਸਿੰਘ ਨੇ ਐਫ.ਸੀ.ਆਈ., ਪਨਗ੍ਰੇਨ, ਮਾਰਕਫ਼ੈਡ, ਪਨਸਪ ਤੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰਾਂ ਤੋਂ ਖਰੀਦ ਤੇ ਲਿਫਟਿੰਗ ਸਬੰਧੀ ਜਾਣਕਾਰੀ ਲੈਂਦਿਆਂ ਸਖ਼ਤ ਹਦਾਇਤ ਕੀਤੀ ਕਿ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਵਿੱਚ ਹੋਰ ਤੇਜੀ ਲਿਆਂਦੀ ਜਾਵੇ। ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਲਿਫਟਿੰਗ ਦਾ ਰੋਜ਼ਾਨਾ ਦਾ ਟੀਚਾ ਮਿੱਥਿਆ ਤੇ ਕਿਹਾ ਕਿ ਉਹ ਇਸ ਦਾ ਰੋਜ਼ਾਨਾ ਜਾਇਜ਼ਾ ਲੈਣਗੇ।
ਬੈਠਕ ਮੌਕੇ ਏ.ਡੀ.ਸੀ. (ਜ) ਇਸ਼ਾ ਸਿੰਗਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਖੁਰਾਕ ਤੇ ਸਿਵਲ ਸਪਲਾਈਜ ਦੇ ਡਿਪਟੀ ਡਾਇਰੈਕਟਰ ਤਰਵਿੰਦਰ ਸਿੰਘ ਚੋਪੜਾ, ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਰੂਪਪ੍ਰੀਤ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English