View in English:
October 6, 2024 7:04 pm

ਗਰਲਜ਼ ਹੋਸਟਲ ਦੇ ਖਾਣੇ ‘ਚ ਮਿਲੀ ਕਿਰਲੀ, ਵਿਦਿਆਰਥਣਾਂ ਦੀ ਵਿਗੜੀ ਸਿਹਤ

ਫੈਕਟ ਸਮਾਚਾਰ ਸੇਵਾ

ਲਾਤੂਰ , ਅਕਤੂਬਰ 6

ਮਹਾਰਾਸ਼ਟਰ ਦੇ ਲਾਤੂਰ ‘ਚ ਗਰਲਜ਼ ਹੋਸਟਲ ‘ਚ ਰਾਤ ਦਾ ਖਾਣਾ ਖਾਣ ਤੋਂ ਬਾਅਦ 50 ਵਿਦਿਆਰਥਣਾਂ ਦੀ ਸਿਹਤ ਅਚਾਨਕ ਵਿਗੜ ਗਈ। ਸਾਰੀਆਂ ਵਿਦਿਆਰਥਣਾਂ ਨੂੰ ਫੂਡ ਪੁਆਇਜ਼ਨਿੰਗ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੋਸ਼ ਹੈ ਕਿ ਵਿਦਿਆਰਥਣਾਂ ਨੇ ਰਾਤ ਨੂੰ ਜੋ ਭੋਜਨ ਖਾਧਾ ਸੀ, ਉਸ ਵਿੱਚ ਇੱਕ ਕਿਰਲੀ ਮਿਲੀ ਸੀ।

ਜਾਣਕਾਰੀ ਮੁਤਾਬਕ ਇਹ ਘਟਨਾ ਪੁਰਨਾਮਲ ਲਾਹੋਟੀ ਸਰਕਾਰੀ ਪੌਲੀਟੈਕਨਿਕ ਦੇ ਹੋਸਟਲ ਵਿਚ ਵਾਪਰੀ, ਜਿਸ ਵਿਚ 324 ਵਿਦਿਆਰਥਣਾਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7 ਵਜੇ ਵਿਦਿਆਰਥਣਾਂ ਨੇ ਚੌਲ, ਰੋਟੀ, ਭਿੰਡੀ ਦੀ ਸਬਜ਼ੀ ਅਤੇ ਦਾਲ ਦਾ ਸੂਪ ਖਾਧਾ ਸੀ। ਉਨ੍ਹਾਂ ਦੱਸਿਆ ਕਿ ਰਾਤ 8.30 ਵਜੇ ਉਨ੍ਹਾਂ ਵਿੱਚੋਂ ਕਈਆਂ ਦੀ ਸਿਹਤ ਵਿਗੜ ਗਈ ਅਤੇ ਕੁਝ ਵਿਦਿਆਰਥਣਾਂ ਨੂੰ ਉਲਟੀਆਂ ਆਉਣ ਲੱਗੀਆਂ।
ਇਸ ਦੀ ਸੂਚਨਾ ਮਿਲਣ ‘ਤੇ ਕਾਲਜ ਪ੍ਰਿੰਸੀਪਲ ਮੌਕੇ ‘ਤੇ ਪਹੁੰਚੇ ਅਤੇ ਲਾਤੂਰ ਦੇ ਵਿਲਾਸਰਾਓ ਦੇਸ਼ਮੁਖ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡੀਨ ਡਾਕਟਰ ਉਦੈ ਮੋਹਿਤੇ ਨੂੰ ਇਸ ਦੀ ਸੂਚਨਾ ਦਿੱਤੀ। ਪੀੜਤ ਵਿਦਿਆਰਥਣਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਡਾਕਟਰ ਨੇ ਦੱਸਿਆ ਕਿ ਅੱਧੀ ਰਾਤ ਤੱਕ ਕਰੀਬ 50 ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਤੜਕੇ 3 ਵਜੇ ਤੱਕ ਇਨ੍ਹਾਂ ਵਿੱਚੋਂ 20 ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬਾਕੀ 30 ਵਿਦਿਆਰਥੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰਾਤ ਦੇ ਖਾਣੇ ਤੋਂ ਬਾਅਦ ਦੋ ਲੜਕੀਆਂ ਨੇ ਉਲਟੀਆਂ ਕੀਤੀਆਂ ਅਤੇ ਬਾਕੀਆਂ ਨੇ ਮਤਲੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਤੁਰੰਤ ਇਲਾਜ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲੋੜ ਪੈਣ ‘ਤੇ ਸਲਾਈਨ ਦੇਣਾ ਵੀ ਸ਼ਾਮਲ ਹੈ।

Leave a Reply

Your email address will not be published. Required fields are marked *

View in English