View in English:
October 5, 2024 5:51 pm

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕਰਨਗੇ ਪਾਕਿਸਤਾਨ ਦਾ ਦੌਰਾ

10 ਸਾਲ ਬਾਅਦ ਗੁਆਂਢੀ ਦੇਸ਼ ਜਾਣਗੇ

ਇਸਲਾਮਾਬਾਦ ਵਿੱਚ 15-16 ਅਕਤੂਬਰ ਨੂੰ SCO ਸਿਖਰ ਸੰਮੇਲਨ ਹੋਵੇਗਾ

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਐਸਸੀਓ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣਗੇ। ਲੰਮੀ ਸੋਚ ਵਿਚਾਰ ਤੋਂ ਬਾਅਦ ਭਾਰਤ ਨੇ ਹੁਣ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ। 10 ਸਾਲਾਂ ਬਾਅਦ ਕੋਈ ਭਾਰਤੀ ਵਿਦੇਸ਼ ਮੰਤਰੀ ਪਾਕਿਸਤਾਨ ਦਾ ਦੌਰਾ ਕਰ ਰਿਹਾ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ 15-16 ਅਕਤੂਬਰ ਨੂੰ SCO ਸਿਖਰ ਸੰਮੇਲਨ ਹੋਣ ਜਾ ਰਿਹਾ ਹੈ। ਭਾਰਤ ਨੇ ਲੰਮੀ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਸੰਮੇਲਨ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਐਸ ਜੈਸ਼ੰਕਰ ਐਸਸੀਓ ਮੀਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।

ਭਾਰਤ ਦਾ ਪਾਕਿਸਤਾਨ ਨਾਲ ਲੰਬੇ ਸਮੇਂ ਤੋਂ ਕੂਟਨੀਤਕ ਤਣਾਅ ਚੱਲ ਰਿਹਾ ਹੈ। ਦੋਹਾਂ ਦੇਸ਼ਾਂ ਦੇ ਰਿਸ਼ਤੇ ਨਾ-ਮਾਤਰ ਹਨ। ਪਾਕਿਸਤਾਨ ਨੇ ਪਿਛਲੇ ਅਗਸਤ ਮਹੀਨੇ ਐਸਸੀਓ ਸੰਮੇਲਨ ਲਈ ਭਾਰਤ ਸਮੇਤ ਕਈ ਦੇਸ਼ਾਂ ਨੂੰ ਸੱਦਾ ਭੇਜਿਆ ਸੀ। ਇਸ ਦੀ ਪੁਸ਼ਟੀ ਪਾਕਿਸਤਾਨੀ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਕੀਤੀ। ਉਨ੍ਹਾਂ ਨੇ ਦੱਸਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਮੇਲਨ ‘ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਫਿਰ ਭਾਰਤੀ ਪੱਖ ਤੋਂ ਇਹ ਖੁਲਾਸਾ ਨਹੀਂ ਕੀਤਾ ਗਿਆ ਸੀ ਕਿ ਮੀਟਿੰਗ ਵਿਚ ਕੌਣ ਭਾਗ ਲੈਣ ਜਾਵੇਗਾ? ਹੁਣ ਇਹ ਸਪੱਸ਼ਟ ਹੈ ਕਿ ਪੀਐਮ ਮੋਦੀ ਸੰਮੇਲਨ ਵਿੱਚ ਹਿੱਸਾ ਲੈਣ ਨਹੀਂ ਜਾਣਗੇ। ਉਨ੍ਹਾਂ ਦੀ ਥਾਂ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤ ਦੀ ਨੁਮਾਇੰਦਗੀ ਕਰਨਗੇ।

ਦੌਰਾ ਮਹੱਤਵਪੂਰਨ ਕਿਉਂ ਹੈ?

ਤੁਹਾਨੂੰ ਦੱਸ ਦੇਈਏ ਕਿ ਇਸਲਾਮਾਬਾਦ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਦੇ ਵਿੱਚ ਕਈ ਦੌਰ ਦੀ ਗੱਲਬਾਤ ਹੋਵੇਗੀ। ਦੇਸ਼ਾਂ ਵਿਚਾਲੇ ਆਰਥਿਕ, ਸਮਾਜਿਕ ਅਤੇ ਆਪਸੀ ਸਹਿਯੋਗ ‘ਤੇ ਚਰਚਾ ਕੀਤੀ ਜਾਵੇਗੀ। SCO ਵਿੱਚ ਮੁੱਖ ਤੌਰ ‘ਤੇ ਚੀਨ, ਭਾਰਤ, ਰੂਸ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਸ਼ਾਮਲ ਹਨ। ਭਾਰਤ ਲਈ ਇਸ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਐਸ ਜੈਸ਼ੰਕਰ ਦੀ ਇਹ ਫੇਰੀ ਆਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਦਰਮਿਆਨ ਨਵੀਂ ਗੱਲਬਾਤ ਸਥਾਪਤ ਕਰਨ ਦਾ ਵਧੀਆ ਮੌਕਾ ਹੋ ਸਕਦੀ ਹੈ। ਦੇਖਣਾ ਇਹ ਹੋਵੇਗਾ ਕਿ ਇਹ ਦੌਰਾ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਕਿੰਨਾ ਸਕਾਰਾਤਮਕ ਬਦਲਾਅ ਲਿਆਉਂਦਾ ਹੈ।

Leave a Reply

Your email address will not be published. Required fields are marked *

View in English