ਫੈਕਟ ਸਮਾਚਾਰ ਸੇਵਾ
ਲੁਧਿਆਣਾ, ਜੁਲਾਈ 3
ਡਾਕ ਵਿਭਾਗ ਵੱਲੋਂ ਇਸ ਸਾਲ ਰੱਖੜੀਆਂ ਸਮੇਂ ਸਿਰ ਭੇਜਣ ਲਈ ਵਿਸ਼ੇਸ਼ ਲਿਫ਼ਾਫ਼ੇ ਜਾਰੀ ਕੀਤੇ ਹਨ।
ਸੀਨੀਅਰ ਪੋਸਟਮਾਸਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਹੋਣ ਕਰਕੇ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਰੱਖੜੀ ਲਿਫਾਫੇ ਵਾਜਬ ਕੀਮਤਾਂ ‘ਤੇ ਲਾਂਚ ਕੀਤੇ ਗਏ ਹਨ। ਇਹ ਲਿਫ਼ਾਫ਼ੇ ਲੁਧਿਆਣਾ ਸ਼ਹਿਰੀ ਡਵੀਜ਼ਨ ਅਧੀਨ ਪੈਂਦੇ ਡਾਕਘਰਾਂ ਵਿੱਚ ਉਪਲਬਧ ਹਨ। ਮਜ਼ਬੂਤ, ਹਲਕੇ ਭਾਰ ਅਤੇ ਸ਼ਾਨਦਾਰ ਛਪਾਈ ਵਾਲੇ ਰੱਖੜੀ ਲਿਫ਼ਾਫ਼ੇ ਦੀਆਂ ਦੋ ਕਿਸਮਾਂ ਹਨ। ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਰੱਖੜੀਆਂ ਭੇਜਣ ਲਈ ਕੀਤੀ ਜਾ ਸਕਦੀ ਹੈ। ਵਿਦੇਸ਼ਾਂ ਵਿੱਚ ਰੱਖੜੀਆਂ ਅਤੇ ਸਬੰਧਤ ਸਮਾਨ ਭੇਜਣ ਲਈ ਮੁੱਖ ਡਾਕਘਰ, ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਗਿਆ ਹੈ।
ਇਹ ਕਾਊਂਟਰ ਕਸਟਮ ਕਲੀਅਰੈਂਸ ਦੀ ਸਹੂਲਤ ਪ੍ਰਦਾਨ ਕਰਦਾ ਹੈ, ਜਿਸ ਨਾਲ ਡਿਲੀਵਰੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਰੱਖੜੀ ਲਿਫਾਫੇ ਖਰੀਦਣ ਅਤੇ ਭਾਰਤ ਜਾਂ ਵਿਦੇਸ਼ ਵਿੱਚ ਰੱਖੜੀ ਮੇਲ ਭੇਜਣ ਲਈ, ਤੁਸੀਂ ਮੁੱਖ ਡਾਕਘਰ, ਲੁਧਿਆਣਾ ਜਾਂ ਕਿਸੇ ਵੀ ਨਜ਼ਦੀਕੀ ਡਾਕਘਰ ਵਿੱਚ ਸੰਪਰਕ ਕਰਨ।