View in English:
July 6, 2024 11:41 pm

ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਫੈਕਟ ਸਮਾਚਾਰ ਸੇਵਾ


ਸ਼ਾਹਕੋਟ , ਜੁਲਾਈ 1

ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ। ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਵੱਖ-ਵੱਖ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਬਾਰੇ ਪੱਤਰ ਸੌਂਪੇ।ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਬਹੁਤ ਹੀ ਧਿਆਨ ਨਾਲ ਉਨ੍ਹਾਂ ਵੱਲੋਂ ਚੁੱਕੇ ਮੁੱਦਿਆ ਨੂੰ ਸੁਣਿਆ ਤੇ ਭਰੋਸਾ ਦਿੱਤਾ ਕਿ ਵਿਦੇਸ਼ ਮੰਤਰਾਲਾ ਇੰਨ੍ਹਾਂ ਭਾਰਤੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਯਤਨਸ਼ੀਲ ਹੈ ਤੇ ਯੋਗ ਕਾਰਵਾਈ ਕਰ ਰਿਹਾ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਨੌਜਵਾਨ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਜਿਹੜੇ ਪੱਤਰ ਦਿੱਤੇ ਉਨ੍ਹਾਂ ਵਿੱਚ ਆਰਮੀਨੀਆ ਵਿੱਚ ਦੀ ਜੇਲ੍ਹ ਵਿੱਚ ਫਸੇ 12 ਭਾਰਤੀਆਂ ਬਾਰੇ ਸੀ ਜਿਸ ਵਿੱਚ ਬਹੁਤੇ ਪੰਜਾਬੀ ਮੁੰਡੇ ਹਨ। ਇਸੇ ਤਰ੍ਹਾਂ ਰੂਸ ਦੀ ਫੌਜ਼ ਵਿੱਚ ਜਬਰੀ ਭਰਤੀ ਕੀਤੇ ਨੌਜਵਾਨਾਂ ਬਾਰੇ ਵੀ ਦੱਸਿਆ। ਇੰਨ੍ਹਾਂ ਨੌਜਵਾਨਾਂ ਵਿੱਚੋਂ ਦੋ ਜਣਿਆਂ ਦੇ ਮਾਪਿਆ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ।

ਦੁਬਈ ਦੀ ਜੇਲ੍ਹ ਵਿੱਚ ਫਸੇ 17 ਪੰਜਾਬੀ ਮੁੰਡਿਆ ਦਾ ਮਾਮਲਾ ਵੀ ਬੜਾ ਗੰਭੀਰ ਹੈ। ਪਿਛਲੇ ਡੇਢ ਸਾਲ ਤੋਂ ਇੰਨ੍ਹਾਂ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਜੇਲ੍ਹ ਵਿੱਚੋਂ ਕੱਢਵਾਉਣ ਦੀ ਚਾਰਾਜ਼ੋਈ ਕਰ ਰਹੇ ਹਨ। ਇੰਨ੍ਹਾਂ ਮਾਪਿਆਂ ਨੇ ਦਾਅਵਾ ਕੀਤਾ ਸੀ ਕਿ ਉਥੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ। ਉਸ ਕੇਸ ਵਿੱਚ ਸ਼ੱਕ ਦੀ ਬਿਨ੍ਹਾ `ਤੇ ਇੰਨ੍ਹਾਂ ਨੌਜਵਾਨਾਂ ਨੂੰ ਫੜਿਆ ਹੋਇਆ ਹੈ। ਉਨ੍ਹਾਂ ਇੱਕ ਵਾਰ ਫਿਰ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਵਲ ਏਜੰਟਾਂ ਦੇ ਬਹਿਕਾਵੇ ਵਿੱਚ ਆ ਕੇ ਆਪਣੀ ਜਾਨ ਜੋਖ਼ਮ ਵਿੱਚ ਨਾ ਪਾਉਣ।

Leave a Reply

Your email address will not be published. Required fields are marked *

View in English