ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, 11 ਜੂਨ
ਅੱਜ ਸਵੇਰੇ 8.30 ਵਜੇ ਦੇ ਕਰੀਬ ਇੱਕ ਵਿਅਕਤੀ ਸੈਕਟਰ 17 ਸਥਿਤ ਪੁਰਾਣੇ ਕੋਰਟ ਕੰਪਲੈਕਸ ਨੇੜੇ ਮੋਬਾਈਲ ਟਾਵਰ ਉੱਤੇ ਚੜ੍ਹ ਗਿਆ। ਟਾਵਰ ਉੱਤੇ ਚੜ੍ਹਿਆ ਵਿਅਕਤੀ ਹਰਿਆਣਾ ਦੇ ਜੀਂਦ ਸ਼ਹਿਰ ਦਾ ਹੈ। ਉਸ ਨੇ ਦੱਸਿਆ ਕਿ ਜ਼ਮੀਨੀ ਝਗੜੇ ਕਾਰਨ ਪ੍ਰੇਸ਼ਾਨ ਹੈ ਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਉਸ ਦਾ ਮਸਲਾ ਹੱਲ ਨਹੀਂ ਹੋ ਰਿਹਾ। ਇਸ ਕਾਰਨ ਉਹ ਸੈਕਟਰ 17 ਸਥਿਤ ਇਸ ਟਾਵਰ ‘ਤੇ ਚੜ੍ਹ ਗਿਆ।
ਇਸ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਪੁਲੀਸ ਦੀਆਂ ਗੱਡੀਆਂ ਦੇਖ ਇਸ ਵਿਅਕਤੀ ਨੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ, ਜਿਸ ਕਰਕੇ ਪੁਲੀਸ ਅਧਿਕਾਰੀ ਵੀ ਪਿੱਛੇ ਹੋ ਗਏ। ਮੌਕੇ ਉੱਤੇ ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਵਿਅਕਤੀ ਨੇ ਦੱਸਿਆ ਕਿ ਉਸ ਦਾ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਸਰਦੂਲਗੜ੍ਹ ਅਧੀਨ ਆਉਂਦੇ ਪਿੰਡ ਜਟਾਣਾ ਵਿਖੇ ਜ਼ਮੀਨੀ ਝਗੜਾ ਹੈ, ਜਦੋਂ ਤੱਕ ਉਸ ਦਾ ਝਗੜਾ ਹੱਲ ਨਹੀਂ ਹੋ ਜਾਂਦਾ ਅਤੇ ਉਸ ਦੀ ਮੁਲਾਕਾਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਟਾਵਰ ਤੋਂ ਨਹੀਂ ਉਤਰੇਗਾ।