View in English:
April 22, 2025 4:12 am

8.21 ਕਰੋੜ ਦੀ ਲਾਗਤ ਨਾਲ ਤਿਆਰ ਬਿਰਧ ਘਰ ਬਲਜੀਤ ਕੌਰ ਅਤੇ ਮੀਤ ਹੇਅਰ ਵਲੋਂ ਬਜ਼ੁਰਗਾਂ ਨੂੰ ਸਮਰਪਿਤ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 10

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਬਿਰਧਾਂ ਦੀ ਸੇਵਾ – ਸੰਭਾਲ ਲਈ ਸਰਕਾਰ ਨੇ ਕਰੀਬ ਸਾਢੇ 8 ਕਰੋੜ ਦੀ ਲਾਗਤ ਨਾਲ ਬਿਰਧ ਆਸ਼ਰਮ ਬਣਾਇਆ ਗਿਆ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵਲੋਂ ਇੱਥੇ ਸਰਕਾਰੀ ਬਿਰਧ ਘਰ ਤਪਾ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਹਾਜ਼ਰ ਸਨ।

ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਹ ਬਿਰਧ ਘਰ 8.21 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਹ ਬਿਰਧ ਘਰ 26 ਕਨਾਲ 17 ਮਰਲੇ ਜਗ੍ਹਾ ਵਿੱਚ 3 ਮੰਜ਼ਿਲ ਉਸਾਰਿਆ ਗਿਆ ਹੈ ਜਿੱਥੇ ਬਜ਼ੁਰਗਾਂ ਲਈ ਹਰ ਸਹੂਲਤ ਧਿਆਨ ਵਿੱਚ ਰੱਖਦੇ ਹੋਏ 1 ਕਰੋੜ ਤੋਂ ਵੱਧ ਦਾ ਸਾਮਾਨ ਖਰੀਦਿਆ ਗਿਆ ਹੈ। ਬਜ਼ੁਰਗਾਂ ਦੀ ਸਹੂਲਤ ਲਈ ਡਾਰਮਿਟਰੀ, ਭੋਜਨ, ਮੈਡੀਕਲ ਸਹੂਲਤਾਂ, ਡੇਅ ਕੇਅਰ, ਲਾਇਬ੍ਰੇਰੀ ਤੇ ਗੇਮ ਰੂਮ ਆਦਿ ਸਹੂਲਤਾਂ ਮੁਫ਼ਤ ਹਨ। ਇਸ 72 ਬੈਡਜ਼ ਦੀ ਸਮਰਥਾ ਵਾਲੇ ਆਸ਼ਰਮ ਵਿਚ 14 ਸਟਾਫ਼ ਮੈਂਬਰ ਤਾਇਨਾਤ ਕੀਤੇ ਗਏ ਹਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹ ਬਜ਼ੁਰਗਾਂ ਲਈ ਇਹ ਬਹੁਤ ਪੁੰਨ ਦਾ ਕਾਰਜ ਹੈ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ। ਉਨ੍ਹਾਂ ਕਿਹਾ ਏਥੇ ਬੇਸਹਾਰਾ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਵਲੋਂ ਮੁਫ਼ਤ ਦਿੱਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸੰਸਦ ਮੈਂਬਰ ਮੀਤ ਹੇਅਰ ਬਜ਼ੁਰਗਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਧਾ।

ਇਸ ਮੌਕੇ ਬਜ਼ੁਰਗ ਬਲਵੀਰ ਸਿੰਘ, ਸੁਰੇਸ਼ ਰਾਣੀ, ਜਗਵਿੰਦਰ ਸਿੰਘ, ਮਲਕੀਤ ਕੌਰ ਨੇ ਆਪਣੀ ਹੱਡਬੀਤੀ ਦੱਸੀ ਅਤੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਰਾਜ ਪੱਧਰੀ ਸਿਹਤ ਚੈੱਕਅਪ ਕੈਂਪ ਦਾ ਦੌਰਾ ਕੀਤਾ ਅਤੇ 5 ਜ਼ਿਲ੍ਹਿਆਂ ਤੋਂ ਪੁੱਜੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬਜ਼ੁਰਗਾਂ ਨੂੰ ਐਨਕਾਂ, ਪੈਨਸ਼ਨ/ ਸੀਨੀਅਰ ਸਿਟੀਜ਼ਨ ਕਾਰਡਾਂ ਦੀ ਵੰਡ ਕੀਤੀ।
ਉਨ੍ਹਾਂ ਬਿਰਧ ਆਸ਼ਰਮ ਵਿਚ ਰਹਿਣ ਵਾਲੇ 7 ਬਜ਼ੁਰਗਾਂ ਅਤੇ ਡੇ ਕੇਅਰ ਵਾਲੇ 3 ਬਜ਼ੁਰਗਾਂ ਦਾ ਸਨਮਾਨ ਕੀਤਾ।

ਇਸ ਮਗਰੋਂ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੈਡਮ ਡਾ. ਸ਼ੇਨਾ ਅਗਰਵਾਲ ਵਲੋਂ ਮੁੱਖ ਮਹਿਮਾਨ ਅਤੇ ਬਾਕੀ ਮਹਿਮਾਨਾਂ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ। ਇਸ ਮਗਰੋਂ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਮੈਡਮ ਰਾਜੀ ਪੀ ਸ੍ਰੀਵਾਸਤਵ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਇਹ ਪ੍ਰੋਜੈਕਟ ਲੋੜਵੰਦ ਬਜ਼ੁਰਗਾਂ ਲਈ ਵਰਦਾਨ ਸਾਬਿਤ ਹੋਵੇਗਾ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸਰਕਾਰ ਨੇ ਬਿਰਧ ਆਸ਼ਰਮ ਵਿੱਚ ਹਰ ਸਹੂਲਤ ਬਜ਼ੁਰਗਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਬੇਸਹਾਰਾ ਬਜ਼ੁਰਗਾਂ ਨੂੰ ਆਸਰਾ ਦਿੱਤਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਟੀ ਬੈਨਿਥ ਵਲੋਂ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਹਰਿੰਦਰ ਸਿੰਘ ਧਾਲੀਵਾਲ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ, ਐੱਸਡੀਐਮ ਤਪਾ ਰਿਸ਼ਭ ਬਾਂਸਲ, ਐੱਸ ਡੀ ਐਮ ਗੁਰਬੀਰ ਸਿੰਘ ਕੋਹਲੀ, ਜੁਆਇੰਟ ਸਕੱਤਰ ਆਨੰਦ ਸਾਗਰ ਸ਼ਰਮਾ, ਵਧੀਕ ਸਕੱਤਰ ਵਿਮੀ ਭੁੱਲਰ ਆਈ ਏ ਐਸ, ਵਧੀਕ ਡਾਇਰੈਕਟਰ ਚਰਨਜੀਤ ਸਿੰਘ ਮਾਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ, ਡਾ. ਲਵਲੀਨ ਵੜਿੰਗ, ਨਵੀਨ ਗੜਵਾਲ ਅਤੇ ਜਸਵੀਰ ਕੌਰ ਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *

View in English