View in English:
June 26, 2024 3:54 pm

ਜਾਪਾਨ ਵਿੱਚ ਅਜੀਬ ਬੀਮਾਰੀ ਫੈਲ ਰਹੀ, 48 ਘੰਟਿਆਂ ਵਿੱਚ ਮੌਤ

ਟੋਕੀਓ : ਜਾਪਾਨ ‘ਚ ਇਕ ਨਵੀਂ ਖਤਰਨਾਕ ਬੀਮਾਰੀ ਸਾਹਮਣੇ ਆਈ ਹੈ। ਇਸ ‘ਚ ਬੈਕਟੀਰੀਆ ਮਰੀਜ਼ ਦੇ ਸਰੀਰ ਦਾ ਮਾਸ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਬੀਮਾਰੀ ਦਾ ਨਾਂ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਹੈ। ਰਿਪੋਰਟ ਮੁਤਾਬਕ ਇਸ ਬੀਮਾਰੀ ਕਾਰਨ ਮਰੀਜ਼ ਦੀ ਮੌਤ 48 ਘੰਟਿਆਂ ਦੇ ਅੰਦਰ ਹੋ ਜਾਂਦੀ ਹੈ।

ਜਾਪਾਨ ਵਿੱਚ ਹੁਣ ਤੱਕ 977 ਮਾਮਲੇ ਸਾਹਮਣੇ ਆਏ ਹਨ। ਇਹ ਬਿਮਾਰੀ ਗਰੁੱਪ ਏ ਸਟ੍ਰੈਪਟੋਕਾਕਸ (GAS) ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਬੱਚਿਆਂ ਅਤੇ ਬਜ਼ੁਰਗਾਂ ਲਈ ਸਭ ਤੋਂ ਖਤਰਨਾਕ ਹੈ। ਇਸ ਨਾਲ ਸੰਕਰਮਿਤ ਲੋਕ ਪਹਿਲਾਂ ਸੋਜ ਅਤੇ ਗਲੇ ਦੀ ਖਰਾਸ਼ ਤੋਂ ਪੀੜਤ ਹੁੰਦੇ ਹਨ।

ਇਸ ਤੋਂ ਇਲਾਵਾ ਸਰੀਰ ‘ਚ ਦਰਦ, ਬੁਖਾਰ, ਘੱਟ ਬਲੱਡ ਪ੍ਰੈਸ਼ਰ, ਨੈਕਰੋਸਿਸ (ਸਰੀਰ ਦੇ ਟਿਸ਼ੂ ਮਰ ਜਾਣਾ), ਸਾਹ ਲੈਣ ‘ਚ ਤਕਲੀਫ, ਅੰਗ ਫੇਲ ਹੋਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਮੌਤ ਕੁਝ ਘੰਟਿਆਂ ਵਿੱਚ ਹੁੰਦੀ ਹੈ। ਸਟ੍ਰੈਪਟੋਕਾਕਸ ਬਿਮਾਰੀ ਹੁਣ ਯੂਰਪ ਦੇ 5 ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਇਨ੍ਹਾਂ ਵਿੱਚ ਬ੍ਰਿਟੇਨ, ਫਰਾਂਸ, ਆਇਰਲੈਂਡ, ਨੀਦਰਲੈਂਡ ਅਤੇ ਸਵੀਡਨ ਸ਼ਾਮਲ ਹਨ। ਇੱਥੇ ਇਸ ਬੈਕਟੀਰੀਆ ਨੇ ਬੱਚਿਆਂ ‘ਤੇ ਸਭ ਤੋਂ ਜ਼ਿਆਦਾ ਹਮਲਾ ਕੀਤਾ ਹੈ।

STSS ਦੇ ਸ਼ੁਰੂਆਤੀ ਲੱਛਣਾਂ ਵਿੱਚ ਸੋਜ ਸ਼ਾਮਲ ਹੈ। ਇਸ ਤੋਂ ਬਾਅਦ ਟਿਸ਼ੂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ।

ਟੋਕੀਓ ਦੀ ਇੱਕ ਮਹਿਲਾ ਡਾਕਟਰ ਕੇਨ ਕਿਕੂਚੀ ਦੇ ਅਨੁਸਾਰ, ਪਹਿਲਾਂ ਮਰੀਜ਼ ਦੇ ਸਰੀਰ ਵਿੱਚ, ਖਾਸ ਕਰਕੇ ਲੱਤਾਂ ਵਿੱਚ ਸੋਜ ਦਿਖਾਈ ਦਿੰਦੀ ਹੈ, ਫਿਰ ਕੁਝ ਘੰਟਿਆਂ ਬਾਅਦ ਇਹ ਪੂਰੇ ਸਰੀਰ ਵਿੱਚ ਫੈਲ ਜਾਂਦੀ ਹੈ। ਇਸ ਤੋਂ ਬਾਅਦ 48 ਘੰਟਿਆਂ ਦੇ ਅੰਦਰ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਕਿਕੂਚੀ ਨੇ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਅਤੇ ਖੁੱਲ੍ਹੇ ਜ਼ਖ਼ਮਾਂ ਦਾ ਤੁਰੰਤ ਇਲਾਜ ਕਰਨ ਦੀ ਅਪੀਲ ਕੀਤੀ।

ਮੀਡੀਆ ਰਿਪੋਰਟਾਂ ਅਨੁਸਾਰ ਜਿਸ ਦਰ ਨਾਲ ਇਹ ਬਿਮਾਰੀ ਵੱਧ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਭਵਿੱਖ ਵਿੱਚ ਜਾਪਾਨ ਵਿੱਚ ਹਰ ਸਾਲ ਇਸ ਬਿਮਾਰੀ ਦੇ 2500 ਮਾਮਲੇ ਸਾਹਮਣੇ ਆ ਸਕਦੇ ਹਨ। ਇਸ ਦੇ ਨਾਲ ਹੀ ਇਸ ਕਾਰਨ ਮੌਤ ਦਰ 30% ਤੱਕ ਪਹੁੰਚ ਸਕਦੀ ਹੈ।

ਡਾਕਟਰਾਂ ਅਨੁਸਾਰ ਇਸ ਬਿਮਾਰੀ ਤੋਂ ਬਚਣ ਲਈ ਇਸ ਦੀ ਜਲਦੀ ਪਛਾਣ, ਦੇਖਭਾਲ ਅਤੇ ਤੁਰੰਤ ਇਲਾਜ ਜ਼ਰੂਰੀ ਹੈ। STSS ਨਾਲ ਨਜਿੱਠਣ ਲਈ, J8 ਨਾਮ ਦੀ ਇੱਕ ਵੈਕਸੀਨ ਵੀ ਬਾਜ਼ਾਰ ਵਿੱਚ ਉਪਲਬਧ ਹੈ, ਜੋ ਸਰੀਰ ਵਿੱਚ ਐਂਟੀਬਾਇਓਟਿਕਸ ਪੈਦਾ ਕਰਦੀ ਹੈ। ਵੱਡੀ ਗੱਲ ਇਹ ਹੈ ਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ।

Leave a Reply

Your email address will not be published. Required fields are marked *

View in English