ਫੈਕਟ ਸਮਾਚਾਰ ਸੇਵਾ
ਨਵੀਂ ਟਿਹਰੀ , ਫਰਵਰੀ 3
ਬਦਰੀਨਾਥ ਧਾਮ ਦੇ ਕਪਾਟ ਇਸ ਸਾਲ 4 ਮਈ ਨੂੰ ਸਵੇਰੇ 6 ਵਜੇ ਖੋਲ੍ਹੇ ਜਾਣਗੇ। ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਮਿਤੀ ਤੇ ਸ਼ੁਭ ਸਮੇਂ ਦਾ ਐਲਾਨ ਬਸੰਤ ਪੰਚਮੀ ਤਿਉਹਾਰ ਦੇ ਮੌਕੇ ‘ਤੇ ਟਿਹਰੀ ਦੇ ਨਰਿੰਦਰਨਗਰ ਪੈਲੇਸ ਵਿਖੇ ਕੀਤਾ ਗਿਆ ਸੀ। ਇਸ ਦੇ ਨਾਲ ਹੀ ਭਗਵਾਨ ਬਦਰੀ ਵਿਸ਼ਾਲ ਦੇ ਅਭਿਸ਼ੇਕ ਲਈ ਤਿਲਾਂ ਦਾ ਤੇਲ ਪਾਉਣ ਦੀ ਮਿਤੀ ਵੀ ਨਿਰਧਾਰਤ ਕੀਤੀ ਗਈ ਹੈ। ਤੇਲ ਧਾਗਾ ਲਗਾਉਣ ਦੀ ਰਸਮ 22 ਅਪ੍ਰੈਲ ਨੂੰ ਨਰਿੰਦਰਨਗਰ ਪੈਲੇਸ ਵਿਖੇ ਹੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੌਥੇ ਕੇਦਾਰ ਰੁਦਰਨਾਥ ਧਾਮ ਦੇ ਦਰਵਾਜ਼ੇ 18 ਮਈ ਨੂੰ ਸਵੇਰੇ 4 ਵਜੇ ਖੋਲ੍ਹੇ ਜਾਣਗੇ, ਜਦਕਿ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਮਿਤੀ 26 ਫਰਵਰੀ ਨੂੰ ਸ਼ਿਵਰਾਤਰੀ ਤਿਉਹਾਰ ਦੇ ਮੌਕੇ ‘ਤੇ ਤੈਅ ਕੀਤੀ ਜਾਵੇਗੀ।
ਚਾਰ ਧਾਮ ਯਾਤਰਾ ਦੀ ਸ਼ੁਰੂਆਤ ਅਕਸ਼ੈ ਤ੍ਰਿਤੀਆ ਪਰਵ ‘ਤੇ ਯਮੁਨੋਤਰੀ ਅਤੇ ਗੰਗੋਤਰੀ ਧਾਮ ਦੇ ਕਪਾਟ ਖੁੱਲ੍ਹਣ ਨਾਲ ਸ਼ੁਰੂ ਹੁੰਦੀ ਹੈ। 30 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਵਾਲੇ ਦਿਨ ਇਨ੍ਹਾਂ ਦੋਵਾਂ ਧਾਰਮਿਕ ਸਥਾਨਾਂ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਐਤਵਾਰ ਸਵੇਰੇ 10 ਵਜੇ ਪੂਜਾ ਤੋਂ ਬਾਅਦ ਮਹਾਰਾਜਾ ਮਨੁਜਯੇਂਦਰ ਸ਼ਾਹ, ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਅਤੇ ਡਿਮਰੀ ਪੰਚਾਇਤ ਦੇ ਨੁਮਾਇੰਦਿਆਂ ਦੀ ਮੌਜੂਦਗੀ ’ਚ ਰਾਜਪੁਰੋਹਿਤ ਕ੍ਰਿਸ਼ਨ ਪ੍ਰਸਾਦ ਉਨਿਆਲ ਨੇ ਪੰਚਾਂਗ ਦੀ ਗਣਨਾ ਕੀਤੀ ਤੇ ਕਪਾਟ ਖੋਲ੍ਹਣ ਦੀ ਮਿਤੀ ਤੇ ਸ਼ੁਭ ਮਹੂਰਤ ਕੱਢਿਆ।