350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਦਲ ਛਾਉਣੀ ਵਿਖੇ ਕਰਵਾਇਆ ਕਥਾ ਤੇ ਕੀਰਤਨ ਦਰਬਾਰ

ਫੈਕਟ ਸਮਾਚਾਰ ਸੇਵਾ

ਸ੍ਰੀ ਅਨੰਦਪੁਰ ਸਾਹਿਬ, ਨਵੰਬਰ 23

ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਜੇ ਸ਼ਾਮ ਦੇ ਦੀਵਾਨਾਂ ਵਿਚ ਪੰਥ ਦੇ ਪ੍ਰਸਿੱਧ ਕਥਾ ਤੇ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਨ੍ਹਾਂ ਜਥਿਆਂ ਵਿਚ ਗਿਆਨੀ ਹਰਜੀਤ ਸਿੰਘ ਹਰਮਨ ਸ਼ਾਹਬਾਦ ਮਾਰਕੰਡਾ ਵਾਲੇ, ਭਾਈ ਗੁਰਸੇਵਕ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਬਾਬਾ ਹਰਜੀਤ ਸਿੰਘ ਮਹਿਤਾ ਚੌਕ ਵਾਲੇ, ਭਾਈ ਗਗਨਦੀਪ ਸਿੰਘ ਸ੍ਰੀਨਗਰ ਵਾਲੇ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪਦਮ ਸ੍ਰੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਸ਼ਾਮਿਲ ਸਨ। ਸਟੇਜ ਸਕੱਤਰ ਦੀ ਸੇਵਾ ਗਿਆਨੀ ਭਗਵਾਨ ਸਿੰਘ ਜੌਹਲ ਅਤੇ ਭਾਈ ਪ੍ਰੀਤਮ ਸਿੰਘ ਨੇ ਨਿਭਾਈ।

ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਵੀ ਹਾਜ਼ਰੀ ਭਰੀ। ਭਲਕੇ ਮਿਤੀ 24 ਨਵੰਬਰ ਨੂੰ ਇਸੇ ਪੰਡਾਲ ਵਿਚ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ‘ਤੇ ਆਧਾਰਿਤ ਕਾਵਿ ਉਚਾਰਨ, ਢਾਡੀ ਤੇ ਕਵੀਸ਼ਰ ਦਰਬਾਰ ਅਤੇ ਕਥਾ ਤੇ ਕੀਰਤਨ ਦਰਬਾਰ ਸਜਾਏ ਜਾਣਗੇ।

Leave a Reply

Your email address will not be published. Required fields are marked *

View in English