ਫੈਕਟ ਸਮਾਚਾਰ ਸੇਵਾ
ਐੱਸਏਐੱਸ ਨਗਰ , ਫਰਵਰੀ 21
ਸਿੱਖਾਂ ਦੇ ਪਵਿੱਤਰ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਪਵਿੱਤਰ ਦਰਵਾਜ਼ੇ ਖੋਲ੍ਹਣ ਅਤੇ ਯਾਤਰਾ ਸ਼ੁਰੂ ਕਰਨ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਤਰਾਖੰਡ ਸਰਕਾਰ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਐਲਾਨ ਕੀਤਾ ਕਿ ਪਵਿੱਤਰ ਤੀਰਥ ਸਥਾਨ ਸ਼੍ਰੀ ਹੇਮਕੁੰਟ ਸਾਹਿਬ 25 ਮਈ, 2025 ਤੋਂ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ। ਇਸ ਸਬੰਧ ਵਿੱਚ ਉੱਤਰਾਖੰਡ ਸਰਕਾਰ ਦੀ ਮੁੱਖ ਸਕੱਤਰ ਰਾਧਾ ਰਤੂਰੀ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਇਕ ਬੈਠਕ ਕੀਤੀ। ਇਸ ਬੈਠਕ ਦੌਰਾਨ ਯਾਤਰਾ ਦੀ ਮਿਤੀ ਸਰਬਸੰਮਤੀ ਨਾਲ ਤੈਅ ਕੀਤੀ ਗਈ।
ਇਹ ਪਵਿੱਤਰ ਯਾਤਰਾ 25 ਮਈ ਨੂੰ ਸ਼ੁਰੂ ਹੋਵੇਗੀ ਅਤੇ 10 ਅਕਤੂਬਰ ਨੂੰ ਸਮਾਪਤ ਹੋਵੇਗੀ, ਜਿਸ ਨਾਲ ਸ਼ਰਧਾਲੂਆਂ ਨੂੰ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਲਗਭਗ ਪੰਜ ਮਹੀਨੇ ਮਿਲਣਗੇ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ 15,200 ਫੁੱਟ ਦੀ ਉਚਾਈ ‘ਤੇ ਸਥਿਤ ਸ਼੍ਰੀ ਹੇਮਕੁੰਟ ਸਾਹਿਬ, ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਹ ਉਹ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ ਅਤੇ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ਸੀ।