ਹੜ੍ਹਾਂ ਦੌਰਾਨ ਪਸ਼ੂਧਨ ਦੀ ਸਲਾਮਤੀ ਲਈ ਡਟਿਆ ਰਿਹੈ ਪਸ਼ੂ ਪਾਲਣ ਵਿਭਾਗ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਦਸੰਬਰ 22

ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਮੌਜੂਦਾ ਸਾਲ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦਰਜ ਕਰਨ ਦੇ ਨਾਲ ਨਾਲ ਹੜ੍ਹਾਂ ਦੌਰਾਨ ਰਾਜ ਦੇ ਪਸ਼ੂਧਨ ਦੀ ਸੁਰੱਖਿਆ ਲਈ ਮਿਸਾਲੀ ਕੰਮ ਕੀਤੇ ਹਨ।

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ 12 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਸ਼ੂ-ਧਨ ਨੂੰ ਬਚਾਉਣ ਲਈ ਫੌਰੀ ਅਤੇ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ 713 ਪ੍ਰਭਾਵਿਤ ਪਿੰਡਾਂ ਵਿੱਚ 492 ਰੈਪਿਡ-ਰਿਸਪਾਂਸ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਸ ਤੋਂ ਇਲਾਵਾ, 24 ਘੰਟੇ ਐਮਰਜੈਂਸੀ ਗਰਿੱਡ ਸਥਾਪਤ ਕੀਤਾ ਗਿਆ ਅਤੇ 3.19 ਲੱਖ ਤੋਂ ਵੱਧ ਪਸ਼ੂਆਂ ਨੂੰ ਮੁਫਤ ਡਾਕਟਰੀ ਇਲਾਜ ਪ੍ਰਦਾਨ ਕੀਤਾ ਗਿਆ।

ਉਹਨਾਂ ਕਿਹਾ, “ਸਾਡੀਆਂ ਟੀਮਾਂ ਨੇ ਜ਼ਮੀਨੀ ਪੱਧਰ ‘ਤੇ ਅਣਥੱਕ ਮਿਹਨਤ ਕੀਤੀ, ਨਾ ਸਿਰਫ ਇਲਾਜ ਕੀਤਾ ਬਲਕਿ ਬਿਮਾਰੀਆਂ ਨੂੰ ਫੈਲਣ ਤੋਂ ਵੀ ਰੋਕਿਆ ਤਾਂ ਜੋ ਸਾਡੀ ਪੇਂਡੂ ਆਰਥਿਕਤਾ ਦੀ ਰੀੜ੍ਹ ਪਸ਼ੂਧਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇI” ਉਨ੍ਹਾਂ ਨੇ ਕਿਹਾ ਕਿ ਹੜ੍ਹ ਦੇ ਪ੍ਰਭਾਵ ਨੂੰ ਘਟਾਉਣ ਦੇ ਯਤਨਾਂ ਵਿਚ ਇਲਾਜ ਅਤੇ ਰੋਕਥਾਮ ਦੋਵੇਂ ਸ਼ਾਮਲ ਸਨ। ਪਸ਼ੂਆਂ ਵਿੱਚ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਲਈ 2.53 ਲੱਖ ਤੋਂ ਵੱਧ ਪਸ਼ੂਧਨ ਨੂੰ ਮੁਫਤ ਬੂਸਟਰ ਖੁਰਾਕ ਲਗਾਈ ਗਈ। ਇਸ ਤੋਂ ਇਲਾਵਾ ਵਿਭਾਗ ਨੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਤਾਲਮੇਲ ਕਰਕੇ, ਪਸ਼ੂਆਂ ਲਈ ਅਹਿਮ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ, ਜਿਸ ਵਿੱਚ 20,000 ਕੁਇੰਟਲ ਤੋਂ ਵੱਧ ਫੀਡ, 16,000 ਕੁਇੰਟਲ ਤੋਂ ਵੱਧ ਸਾਈਲੇਜ, ਹਜ਼ਾਰਾਂ ਕੁਇੰਟਲ ਚਾਰਾ ਅਤੇ ਤੂੜੀ, 234 ਕੁਇੰਟਲ ਖਣਿਜ ਮਿਸ਼ਰਣ, ਡੀਵਰਮਰ ਦੀਆਂ 68 ਹਜ਼ਾਰ ਤੋਂ ਵੱਧ ਖੁਰਾਕਾਂ ਅਤੇ 194 ਕਿਲੋਗ੍ਰਾਮ ਪੋਟਾਸ਼ੀਅਮ ਪਰਮੇਂਗਨੇਟ ਦਿੱਤਾ ਗਿਆ। ਇਸ ਤੋਂ ਇਲਾਵਾ, ਪਸ਼ੂ ਪਾਲਕਾਂ ਨੂੰ ਆਫ਼ਤ ਦੌਰਾਨ ਮਾਰਗਦਰਸ਼ਨ ਕਰਨ ਲਈ 1,619 ਜਾਗਰੂਕਤਾ ਕੈਂਪ ਵੀ ਲਗਾਏ ਗਏ।

ਹੜ੍ਹ ਰਾਹਤ ਤੋਂ ਇਲਾਵਾ ਵਿਭਾਗ ਦੀ ਪ੍ਰਗਤੀ ਨੂੰ ਉਜਾਗਰ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬੇ ਦੇ ਪੌਲੀਕਲੀਨਿਕਾਂ ਲਈ 22 ਆਧੁਨਿਕ ਪਸ਼ੂ ਲਿਫਟਰ ਖਰੀਦੇ ਗਏ। ਇਸ ਤੋਂ ਇਲਾਵਾ ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਸਥਿਤ ਛੇ ਪੌਲੀਕਲੀਨਿਕਾਂ ਨੂੰ ਬਿਹਤਰੀਨ ਪਸ਼ੂ ਦੇਖਭਾਲ ਲਈ ਨਵੇਂ ਆਈ. ਪੀ. ਡੀਜ਼. ਨਾਲ ਅਪਗ੍ਰੇਡ ਕੀਤਾ ਗਿਆ ।

ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਇੱਕ ਮਜ਼ਬੂਤ ਰੋਕਥਾਮ ਸਿਹਤ ਸੰਭਾਲ ਢਾਲ ਸਥਾਪਤ ਕੀਤੀ ਗਈ, ਜਿਸ ਵਿੱਚ ਅਧਿਕਾਰੀਆਂ ਨੇ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ 24.27 ਲੱਖ ਮੁਫਤ ਖੁਰਾਕਾਂ, ਮੂੰਹਖੁਰ ਦੀ ਬਿਮਾਰੀ ਖ਼ਿਲਾਫ਼ 126.22 ਲੱਖ ਖੁਰਾਕਾਂ ਅਤੇ ਗਲਘੋਟੂ ਵਿਰੁੱਧ 68.88 ਲੱਖ ਖੁਰਾਕਾਂ ਦੇ ਪ੍ਰਬੰਧਨ ਦੀ ਰਿਪੋਰਟ ਪੇਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਵੈਟਰਨਰੀ ਪੌਲੀਕਲੀਨਿਕ ਵਿਖੇ 54 ਲੱਖ ਰੁਪਏ ਦੀ ਲਾਗਤ ਨਾਲ ਐਲਨਗੋਰ-800 ਐਮ.ਏ. ਡਿਜੀਟਲ ਰੇਡੀਓਗ੍ਰਾਫੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ ਜਿਸ ਨਾਲ ਪਸ਼ੂਆਂ ਦੀ ਸਿਹਤ ਸਬੰਧੀ ਸਮੱਸਿਆਵਾਂ ਦਾ ਐਕਸ-ਰੇਅ ਫਿਲਮ ਮੁਕਤ ਡਾਇਗਨੌਸਿਸ ਕੀਤਾ ਜਾ ਸਕੇਗਾ। ਇਹ ਪ੍ਰਣਾਲੀ ਤੁਰੰਤ ਕਿਸੇ ਵੀ ਤਰ੍ਹਾਂ ਦੇ ਫਰੈਕਚਰ, ਹੱਡੀਆਂ ਦੇ ਕੈਂਸਰ ਅਤੇ ਅੰਦਰੂਨੀ ਸਥਿਤੀਆਂ ਜਿਵੇਂ ਕਿ ਸਰੀਰ ਅੰਦਰ ਕੋਈ ਬਾਹਰੀ ਚੀਜ਼ ਦਾਖ਼ਲ ਹੋਣਾ, ਗੁਰਦੇ ਦੀ ਪੱਥਰੀ ਅਤੇ ਪਿਸ਼ਾਬ ਵਿੱਚ ਰੁਕਾਵਟਾਂ ਦਾ ਪਤਾ ਲਗਾਉਣ ਦੇ ਸਮਰੱਥ ਹੈ ਅਤੇ ਪਤਾ ਲਗਾਉਣ ਉਪਰੰਤ ਇਹ ਸਬੰਧਤ ਸਿਹਤ ਸਮੱਸਿਆ ਬਾਰੇ ਮਾਨੀਟਰ ‘ਤੇ ਤੁਰੰਤ ਤਸਵੀਰਾਂ ਪ੍ਰਦਾਨ ਕਰਦੀ ਹੈ। ਅਜਿਹੀ ਕਿਸਮ ਦੀ ਸਹੂਲਤ ਪਹਿਲਾਂ ਸਿਰਫ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਉਪਲੱਬਧ ਸੀ ਅਤੇ ਇਹ ਉੱਨਤ ਸਹੂਲਤ ਸੂਬੇ ਦੇ ਪਸ਼ੂ ਪਾਲਕਾਂ ਲਈ ਇੱਕ ਵਰਦਾਨ ਸਾਬਤ ਹੋਵੇਗੀ।

ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਨਸਲ ਸੁਧਾਰ ਅਤੇ ਕਿਸਾਨਾਂ ਦਾ ਮੁਨਾਫ਼ਾ ਵਧਾਉਣ ਲਈ ਵਿਭਾਗ ਨੇ ਜਨਵਰੀ 2023 ਅਤੇ ਮਾਰਚ 2025 ਦਰਮਿਆਨ ਸੈਕਸ ਸੌਰਟਡ ਸੀਮਨ ਦੀਆਂ 1.82 ਲੱਖ ਖੁਰਾਕਾਂ ਦੀ ਵਰਤੋਂ ਕੀਤੀ ਗਈ, ਜਿਸ ਨਾਲ ਉੱਚ-ਮੁੱਲ ਵਾਲੀਆਂ ਵੱਛੀਆਂ ਤੇ ਕੱਟੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ।

ਮੱਛੀ ਪਾਲਣ ਖੇਤਰ ਦੀ ਪ੍ਰਗਤੀ ‘ਤੇ ਚਾਨਣਾ ਪਾਉਂਦਿਆਂ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਵਿਭਾਗ ਨੇ ਵਿੱਤੀ ਸਾਲ 2024-25 ਦੌਰਾਨ ਮੱਛੀ ਪਾਲਣ ਪ੍ਰੋਜੈਕਟਾਂ ਲਈ 187 ਲਾਭਪਾਤਰੀਆਂ ਨੂੰ 5.82 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ। ਸੂਬੇ ਵਿੱਚ ਮੱਛੀ ਪਾਲਣ ਅਧੀਨ 43,683 ਏਕੜ ਰਕਬੇ ਵਿੱਚੋਂ 2 ਲੱਖ ਟਨ ਤੋਂ ਵੱਧ ਮੱਛੀ ਪੈਦਾ ਹੋਈ, ਜਦੋਂ ਕਿ ਝੀਂਗਾ ਪਾਲਣ ਅਧੀਨ 985 ਏਕੜ ਵਿੱਚੋਂ ਚਾਲੂ ਸਾਲ ਦੌਰਾਨ 2,550 ਟਨ ਪੈਦਾਵਰ ਹੋਈ ਹੈ। ਸਰਕਾਰ ਨੇ 15.99 ਕਰੋੜ ਮੱਛੀ ਪੂੰਗ ਦੀ ਪੈਦਾਵਾਰ ਕੀਤੀ ਅਤੇ 9,200 ਤੋਂ ਵੱਧ ਲੋਕਾਂ ਨੂੰ ਮੱਛੀ ਪਾਲਣ ਤਕਨੀਕਾਂ ਦੀ ਸਿਖਲਾਈ ਦਿੱਤੀ।

ਇਸ ਦੌਰਾਨ ਡੇਅਰੀ ਖੇਤਰ ਦੀ ਪ੍ਰਗਤੀ ਬਾਰੇ ਦੱਸਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੇਂਡੂ ਨੌਜਵਾਨਾਂ ਨੂੰ ਡੇਅਰੀ ਹੁਨਰ ਪ੍ਰਦਾਨ ਕਰਨ ਲਈ ਸਾਲਾਨਾ ਲਗਭਗ 8,500 ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਨਾਲ ਸਾਲਾਨਾ ਲਗਭਗ 3,500 ਡੇਅਰੀ ਯੂਨਿਟ ਸਥਾਪਤ ਹੁੰਦੇ ਹਨ। ਰਾਸ਼ਟਰੀ ਪਸ਼ੂਧਨ ਮਿਸ਼ਨ ਤਹਿਤ 30,734 ਦੁਧਾਰੂ ਪਸ਼ੂਆਂ ਦਾ ਬੀਮਾ ਕੀਤਾ ਗਿਆ ਅਤੇ ਪਸ਼ੂਆਂ ਦੇ ਨੁਕਸਾਨ ਤੋਂ ਪ੍ਰਭਾਵਿਤ ਕਿਸਾਨਾਂ ਨੂੰ 9 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ।

ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ, “ਇਹ ਸਾਲ ਸਾਡੀ ਦੋਹਰੀ ਵਚਨਬੱਧਤਾ ਦਾ ਪ੍ਰਮਾਣ ਰਿਹਾ ਹੈ: ਸੰਕਟ ਵਿੱਚ ਮਿਸਾਲੀ ਸੇਵਾ ਅਤੇ ਭਵਿੱਖ ਲਈ ਦੂਰਦਰਸ਼ੀ ਯੋਜਨਾਬੰਦੀ। ਜੀਵਨ ਬਚਾਉਣ ਵਾਲੇ ਉਪਕਰਣਾਂ ਤੋਂ ਲੈ ਕੇ ਅਤਿ-ਆਧੁਨਿਕ ਪ੍ਰਜਨਨ ਤਕਨੀਕ ਤੱਕ, ਹਰ ਕਦਮ ਦਾ ਉਦੇਸ਼ ਪੰਜਾਬ ਨੂੰ ਖੁਸ਼ਹਾਲ ਅਤੇ ਵਿਗਿਆਨਕ ਤੌਰ ‘ਤੇ ਉੱਨਤ ਪਸ਼ੂ ਪਾਲਣ ਖੇਤਰ ਬਣਾਉਣਾ ਹੈ।”

Leave a Reply

Your email address will not be published. Required fields are marked *

View in English