View in English:
July 8, 2024 12:39 pm

ਹੜ੍ਹਾਂ ਦੀ ਸਥਿਤੀ ‘ਚ ਪ੍ਰਭਾਵਿਤ ਇਲਾਕਿਆਂ ਵਿਖੇ ਬਚਾਅ ਕਾਰਜਾਂ ਦੇ ਪ੍ਰਬੰਧਾਂ ਦੀ ਸਮੀਖਿਆ ਹੋਈ

ਫੈਕਟ ਸਮਾਚਾਰ ਸੇਵਾ

ਰੂਪਨਗਰ, ਜੁਲਾਈ 5

ਮਾਨਸੂਨ ਦੌਰਾਨ ਜ਼ਿਲ੍ਹਾ ਰੂਪਨਗਰ ਵਿਖੇ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਦੀ ਸਥਿਤੀ ਵਿਚ ਪ੍ਰਭਾਵਿਤ ਇਲਾਕਿਆਂ ਵਿਖੇ ਰਣਨੀਤਕ ਢੰਗ ਨਾਲ ਬਚਾਅ ਕਾਰਜਾਂ ਦੇ ਪ੍ਰਬੰਧਾਂ ਨੂੰ ਯਕੀਨੀ ਕਰਨ ਲਈ ਸਹਾਇਕ ਕਮਿਸ਼ਨਰ (ਜ) ਅਰਵਿੰਦਰ ਪਾਲ ਸਿੰਘ ਸੋਮਲ ਦੀ ਅਗਵਾਈ ਅਧੀਨ ਇਕ ਉਚ ਪੱਧਰੀ ਮੀਟਿੰਗ ਹੋਈ ਜਿਥੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਵਿਸਥਾਰਿਤ ਸਮੀਖਿਆ ਕੀਤੀ ਗਈ।

ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਉਣਾ ਹੈ ਅਤੇ ਵੱਧ ਵਰਖਾ ਹੋਣ ਜਾਂ ਭਾਖੜੇ ਬੰਨ੍ਹ ਦਾ ਵੱਧ ਜਾਣ ਦੌਰਾਨ ਬਚਾਅ ਕਾਰਜਾਂ ਨੂੰ ਪਹਿਲਾਂ ਤੋਂ ਹੀ ਯਕੀਨੀ ਕਰਨਾ ਹੈ ਜਿਸ ਲਈ ਆਪ ਸਭ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ ਉਤੇ ਸੁਨਿਹਰੀ ਸਮੇਂ ਦਾ ਯੋਗ ਇਸਤੇਮਾਲ ਕੀਤਾ ਜਾ ਸਕੇ।

ਅਰਵਿੰਦਰ ਪਾਲ ਸੋਮਲ ਨੇ ਖੁਲਾਸਾ ਕਰਦੇ ਦੱਸਿਆ ਕਿ ਪਿਛਲੇ ਸਾਲ 7 ਤੇ 8 ਜੁਲਾਈ ਨੂੰ ਵਰਖਾ ਹੋਣ ਕਾਰਨ ਰੋਪੜ, ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਦਰਜਨਾਂ ਪਿੰਡ ਪ੍ਰਭਾਵਿਤ ਹੋਏ ਸਨ ਇਸੇ ਤਰ੍ਹਾਂ 15 ਅਗਸਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਕਈ ਪਿੰਡ ਭਾਖੜਾ ਬੰਨ੍ਹ ਦਾ ਵਾਧੂ ਪਾਣੀ ਛੱਡਣ ਰਾਹੀਂ ਪ੍ਰਭਾਵਿਤ ਹੋਏ ਸਨ।

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਨ.ਡੀ.ਆਰ.ਐਫ ਅਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਨਾਲ ਸੰਯੁਕਤ ਰੂਪ ਵਿਚ ਬਚਾਅ ਕਾਰਜ ਚਲਾ ਕੇ ਹੜ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਸੀ ਅਤੇ ਆਰਜ਼ੀ ਰਾਹਤ ਕੈਂਪਾਂ ਵਿਚ ਠਹਰਾਇਆ ਗਿਆ ਸੀ।

ਉਨ੍ਹਾਂ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਰਖਾ ਦੇ ਮੌਸਮ ਨੂੰ ਦੇਖਦੇ ਹੋਏ ਬਚਾਅ ਕਾਰਜਾਂ ਵਿਚ ਕਿਸੇ ਵੀ ਪੱਧਰ ਉਤੇ ਕੋਈ ਕਮੀ ਨਾ ਰੱਖੀ ਜਾਵੇ ਅਤੇ ਆਪਣੀ ਟੀਮਾਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਜਾਵੇ। ਸਹਾਇਕ ਕਮਿਸ਼ਨਰ ਨੇ ਵਿਸ਼ੇਸ਼ ਤੌਰ ਉਤੇ ਮੋਰਿੰਡਾ ਵਿਖੇ ਸਥਿਤ ਕਜੌਲੀ ਜਲ ਸਪਲਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਥੋ ਚੰਡੀਗੜ੍ਹ ਮੋਹਾਲੀ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਪਿਛਲੇ ਸਾਲ ਹੜ੍ਹ ਆ ਜਾਣ ਕਾਰਨ ਇਹ ਜਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਜਿਸ ਕਰਕੇ ਇਸ ਇਲਾਕੇ ਵੱਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਜ਼ਿਲ੍ਹਾ ਭਲਾਈ ਅਫਸਰ ਗੁਰਪ੍ਰੀਤ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਵਿਭਾਗੀ ਪੱਧਰ ਉਤੇ ਜਲ ਅਤੇ ਥਲ ਸੈਨਾ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਲੋੜ ਪੈਣ ਉਤੇ ਵਿਆਪਕ ਪੱਧਰ ਉਤੇ ਬਚਾਅ ਕਾਰਜ ਚਲਾਏ ਜਾ ਸਕਣ। ਇਸ ਮੌਕੇ ਐਕਸੀਅਨ ਡਰੇਨੇਜ ਗੁਰਤੇਜ ਸਿੰਘ, ਵਿੰਗ ਕਮਾਂਡਰ ਗੁਰਪ੍ਰੀਤ ਸਿੰਘ, ਐਸ.ਡੀ.ਆਰ.ਐਫ ਤੋਂ ਇੰਸਪੈਕਟਰ ਪਰਦੀਪ ਕੁਮਾਰ, ਸਬ ਇੰਸ ਰੁਪੇਸ਼ ਸਿੰਘ, ਐਸਡੀਓ ਸ਼ਾਮ ਵਰਮਾ, ਐਸਡੀਓ ਨਿਸ਼ਾਤ ਕੁਮਾਰ, ਐਸਡੀਓ ਲਾਭਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

View in English