View in English:
September 18, 2024 1:14 pm

ਹਿਮਾਚਲ ‘ਚ ਬਰਫਬਾਰੀ, ਚੱਟਾਨਾਂ ਖਿਸਕੀਆਂ, 24 ਮਜ਼ਦੂਰ ਫਸੇ

ਕਿਨੌਰ : ਕਿਨੌਰ ਜ਼ਿਲ੍ਹੇ ਵਿੱਚ ਬਰਫ਼ਬਾਰੀ ਦੌਰਾਨ ਚੱਟਾਨਾਂ ਖਿਸਕਣ ਕਾਰਨ ਲਾਲ ਢੱਕ ਨੇੜੇ ਬੀਐਸਐਨਐਲ ਟਾਵਰ ਅਤੇ ਫ਼ੌਜੀ ਚੌਕੀ ਦੇ ਨਿਰਮਾਣ ਵਿੱਚ ਲੱਗੇ 24 ਤੋਂ ਵੱਧ ਮਜ਼ਦੂਰ ਫਸ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਨਾਗਦਮ ਅਤੇ ਧਰਨੀਥਲ ਵਿੱਚ ਬੀਐਸਐਨਐਲ ਟਾਵਰ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਦਕਿ ਨਾਗਡਮ ਵਿੱਚ ਇੱਕ ਫੌਜੀ ਚੌਕੀ ਵੀ ਬਣਾਈ ਜਾ ਰਹੀ ਹੈ। ਇਲਾਕੇ ਵਿੱਚ ਬਰਫ਼ਬਾਰੀ ਅਤੇ ਵਧਦੀ ਠੰਢ ਕਾਰਨ ਮਜ਼ਦੂਰ ਵਾਪਸ ਪਰਤ ਰਹੇ ਸਨ।

ਜਦੋਂ ਮਜ਼ਦੂਰ ਵਾਪਸ ਪਰਤ ਰਹੇ ਸਨ ਤਾਂ ਚਿਤਕੁਲ ਤੋਂ ਕਰੀਬ 25 ਕਿਲੋਮੀਟਰ ਦੂਰ ਦੁਮਤੀ ਵਿੱਚ ਇੱਕ ਵੱਡੀ ਚੱਟਾਨ ਖਿਸਕ ਗਈ, ਜਿਸ ਕਾਰਨ ਸੜਕ ਬੰਦ ਹੋ ਗਈ। ਇਸ ਕਾਰਨ ਸਾਰੇ ਵਰਕਰ ਫਸ ਗਏ। ਕਿਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਮਜ਼ਦੂਰਾਂ ਦੇ ਫਸੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸਰਕਾਰੀ ਮਸ਼ੀਨਰੀ ਨੂੰ ਮੌਕੇ ‘ਤੇ ਭੇਜਿਆ ਗਿਆ। ਬਰਫਬਾਰੀ ਰੁਕਣ ਤੋਂ ਬਾਅਦ ਸੜਕ ਨੂੰ ਖੋਲ੍ਹਿਆ ਜਾਵੇਗਾ। ਆਈਐਮਡੀ ਨੇ ਸ਼ਿਮਲਾ, ਕਿਨੌਰ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਤੱਕ ਅਚਾਨਕ ਹੜ੍ਹਾਂ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ।
ਇੰਨਾ ਹੀ ਨਹੀਂ ਹਿਮਾਚਲ ਪ੍ਰਦੇਸ਼ ਦੇ 12 ‘ਚੋਂ 5 ਜ਼ਿਲਿਆਂ ‘ਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ, ਹਨ੍ਹੇਰੀ-ਤੂਫਾਨ ਦੇ ਨਾਲ-ਨਾਲ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਈਐਮਡੀ ਅਨੁਸਾਰ ਕਿਨੌਰ, ਮੰਡੀ, ਸਿਰਮੌਰ, ਸੋਲਨ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ 13 ਸਤੰਬਰ ਨੂੰ ਕਾਂਗੜਾ, ਕੁੱਲੂ, ਮੰਡੀ, ਕਿਨੌਰ, ਸ਼ਿਮਲਾ, ਬਿਲਾਸਪੁਰ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਜ਼-ਤੂਫ਼ਾਨ ਦੇ ਨਾਲ ਭਾਰੀ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਹੈ।

ਆਈਐਮਡੀ ਨੇ ਬਾਗਾਂ, ਫਸਲਾਂ, ਕਮਜ਼ੋਰ ਢਾਂਚੇ ਅਤੇ ਕੱਚੇ ਘਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਬਾਰੇ ਵੀ ਚੇਤਾਵਨੀ ਦਿੱਤੀ ਹੈ। ਸਿਰਮੌਰ ਜ਼ਿਲ੍ਹੇ ਦੇ ਧੌਲਕੂਆਂ ਵਿੱਚ ਬੁੱਧਵਾਰ ਸ਼ਾਮ ਤੋਂ ਬਾਅਦ ਸਭ ਤੋਂ ਵੱਧ 26 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੁਆਰਾ ਸਾਂਝੇ ਕੀਤੇ ਗਏ ਤਾਜ਼ਾ ਅਪਡੇਟ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਤੱਕ ਕੁੱਲ 37 ਸੜਕਾਂ ਬੰਦ ਹਨ। ਇੰਨਾ ਹੀ ਨਹੀਂ 106 ਬਿਜਲੀ ਸਕੀਮਾਂ ਵਿਚ ਵਿਘਨ ਪਿਆ ਹੈ।
ਅਧਿਕਾਰੀਆਂ ਮੁਤਾਬਕ 27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਆਮ ਨਾਲੋਂ 21 ਫੀਸਦੀ ਘੱਟ ਬਾਰਿਸ਼ ਹੋਈ ਹੈ। ਹਿਮਾਚਲ ਵਿੱਚ ਇਸ ਸਮੇਂ ਦੌਰਾਨ ਔਸਤਨ 678.4 ਮਿਲੀਮੀਟਰ ਵਰਖਾ ਹੋਈ ਹੈ ਪਰ ਇਸ ਵਾਰ ਸਿਰਫ਼ 539.1 ਮਿਲੀਮੀਟਰ ਮੀਂਹ ਹੀ ਪਿਆ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ 27 ਜੂਨ ਤੋਂ 7 ਸਤੰਬਰ ਤੱਕ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ 158 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 30 ਲਾਪਤਾ ਹਨ। ਇੰਨਾ ਹੀ ਨਹੀਂ ਸੂਬੇ ਨੂੰ 1,305 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *

View in English