ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਫਰਵਰੀ 10
ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਇਸ ਕੇਸ ਨੂੰ ਹੁਣ ਸੀ.ਜੇ.ਐੱਮ.ਅਦਾਲਤ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ।
ਮਹਿਲਾ ਕੋਚ ਨੇ ਮਾਮਲੇ ਨੂੰ ਕਿਸੇ ਹੋਰ ਅਦਾਲਤ ਵਿੱਚ ਭੇਜਣ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਚੰਡੀਗੜ੍ਹ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਦੀ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਕੋਚ ਨੇ ਦੋਸ਼ ਲਾਇਆ ਸੀ ਕਿ ਮੌਜੂਦਾ ਜੱਜ ਉਸ ਦੇ ਪ੍ਰਤੀ ਪੱਖਪਾਤੀ ਸਨ। ਆਪਣੀ ਪਟੀਸ਼ਨ ਵਿੱਚ ਮਹਿਲਾ ਕੋਚ ਨੇ ਕਿਹਾ ਸੀ ਕਿ ਜੱਜ ਨੇ ਉਸ ਨੂੰ ਕੇਸ ਦੀ ਫਾਈਲ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਇਲਾਵਾ ਉਸ ਨੂੰ ਸੀ.ਆਰ.ਪੀ.ਸੀ. ਦੀ ਧਾਰਾ 164 ਤਹਿਤ ਦਰਜ ਕਰਵਾਏ ਗਏ ਆਪਣੇ ਬਿਆਨਾਂ ਦੀ ਕਾਪੀ ਜਾਂ ਜਾਣਕਾਰੀ ਵੀ ਮੁਹੱਈਆ ਨਹੀਂ ਕਰਵਾਈ ਗਈ। ਅਜਿਹੇ ਹਾਲਾਤ ਵਿੱਚ ਕੋਚ ਨੇ ਇਨਸਾਫ਼ ਦੀ ਉਮੀਦ ਰੱਖਦਿਆਂ ਮਾਮਲਾ ਕਿਸੇ ਹੋਰ ਜੱਜ ਕੋਲ ਟਰਾਂਸਫਰ ਕਰਨ ਦੀ ਅਪੀਲ ਕੀਤੀ ਸੀ।







