View in English:
January 22, 2025 3:30 pm

ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਦੇ ਨਿਰਦੇਸ਼

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜਨਵਰੀ 22

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਬੋਲੀ ਪ੍ਰਕਿਰਿਆ ਦੌਰਾਨ ਨਿਰਧਾਰਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਆਪਣਾ ਕੰਮ ਕਰਦੇ ਸਮੇਂ ਉੱਚ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ। ਇਸ ਤੋਂ ਇਲਾਵਾ, ਉਨ੍ਹਾਂ ਸੜਕਾਂ ਨਾਲ ਪੈਂਦੇ ਪੈਟਰੋਲ ਪੰਪ ਆਦਿ ਵਪਾਰਕ ਅਦਾਰਿਆਂ ਤੋਂ ਪਹੁੰਚ (ਐਕਸੈਸ) ਫੀਸਾਂ ਤੋਂ ਰਾਜ ਦੇ ਮਾਲੀਏ ਦੀ ਉਗਰਾਹੀ ਵਿੱਚ ਤੇਜ਼ੀ ਲਿਆਉਣ ਅਤੇ ਇਸ ਦੇ ਸਹੀ ਰਿਕਾਰਡ ਨੂੰ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਇਹ ਆਦੇਸ਼ ਸੂਬੇ ਭਰ ਵਿੱਚ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਵੱਲੋਂ ਮੁਕੰਮਲ ਕੀਤੇ ਜਾ ਰਹੇ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਭਵਿੱਖੀ ਵਿਕਾਸ ਲਈ ਰਣਨੀਤੀ ਬਣਾਉਣ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਦੌਰਾਨ ਦਿੱਤੇ ਗਏ। ਇਸ ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਰਵੀ ਭਗਤ ਦੇ ਨਾਲ ਪੀ.ਡਬਲਯੂ.ਡੀ. (ਬੀ ਐਂਡ ਆਰ) ਦੇ ਸਾਰੇ ਚੀਫ ਇੰਜਨੀਅਰ ਅਤੇ ਸੁਪਰਡੈਂਟ ਇੰਜਨੀਅਰ ਹਾਜ਼ਰ ਸਨ।

ਮੀਟਿੰਗ ਦੌਰਾਨ, ਬਜਟ ਪ੍ਰਬੰਧਾਂ ਦੇ ਸਬੰਧ ਵਿੱਚ ਪ੍ਰਾਪਤੀਆਂ ਦਾ ਮੁਲਾਂਕਣ ਕਰਨ ਅਤੇ ਪ੍ਰੋਜੈਕਟ ਸਾਈਟਾਂ ‘ਤੇ ਕੰਮਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਗਈ। ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਮੁਕੰਮਲ ਕਰਨ ਅਤੇ ਸਾਰੇ ਭੌਤਿਕ ਅਤੇ ਵਿੱਤੀ ਟੀਚਿਆਂ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਉੱਚ ਮਾਪਦੰਡਾਂ ਦੀ ਪਾਲਣਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਇਸ ਦੌਰਾਨ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੂੰ ਜਾਣੂ ਕਰਵਾਇਆ ਗਿਆ ਕਿ ਹੋਰ ਕੰਮਾਂ ਤੋਂ ਇਲਾਵਾ ਵਿਭਾਗ ਇਸ ਵੇਲੇ 532 ਕਰੋੜ ਰੁਪਏ ਦੀ ਲਾਗਤ ਨਾਲ ਲੰਬੀ ਮਿਆਦ ਦੇ ਰੱਖ-ਰਖਾਅ ਦੇ ਇਕਰਾਰਨਾਮੇ ਤਹਿਤ ਕੁੱਲ 745 ਕਿਲੋਮੀਟਰ ਲੰਬਾਈ ਵਾਲੀਆਂ 22 ਰਾਜ ਸੜਕਾਂ ਨੂੰ ਅਪਗ੍ਰੇਡ ਕਰ ਰਿਹਾ ਹੈ। ਅਪਗ੍ਰੇਡ ਕੀਤੀਆਂ ਜਾ ਰਹੀਆਂ ਸੜਕਾਂ ਵਿੱਚ ਭਵਾਨੀਗੜ੍ਹ-ਮਹਿਲਣ ਚੌਕ, ਪਾਤੜਾਂ-ਮੂਨਕ, ਘੜੂੰਆਂ-ਅੰਬਾਲਾ, ਜ਼ੀਰਾ-ਫਿਰੋਜ਼ਪੁਰ, ਪੁਰਾਣੀ ਮੋਰਿੰਡਾ ਰੋਡ, ਮੁਕੇਰੀਆਂ-ਤਲਵਾੜਾ-ਮੁਬਾਰਿਕਪੁਰ, ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ ਆਦਿ ਸ਼ਾਮਲ ਹਨ। ਇਹਨਾਂ ਵਿਕਾਸ ਕਾਰਜਾਂ ਸਦਕਾ ਸੂਬੇ ਦੇ ਸੜਕੀ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ ਅਤੇ ਆਮ ਲੋਕਾਂ ਨੂੰ ਨਿਰਵਿਘਨ ਆਵਾਜਾਈ ਦੀ ਸਹੂਲਤ ਮਿਲੇਗੀ। ਮੀਟਿੰਗ ਦੌਰਾਨ ਲੋਕ ਨਿਰਮਾਣ ਮੰਤਰੀ ਨੂੰ ਇਹ ਵੀ ਜਾਣੂੰ ਕਰਵਾਇਆ ਗਿਆ ਕਿ ਲਿੰਕ ਸੜਕਾਂ ਲਈ ਪੰਜਾਬ ਮੰਡੀ ਬੋਰਡ ਤੋਂ ਜਲਦੀ ਹੀ ਫੰਡ ਮਿਲਣ ਦੀ ਉਮੀਦ ਹੈ ਅਤੇ ਲਿੰਕ ਸੜਕਾਂ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਸਾਰੇ ਪ੍ਰੋਜੈਕਟਾਂ ਵਿੱਚ ਗੁਣਵੱਤਾ ਅਤੇ ਕੁਸ਼ਲਤਾ ਦੇ ਉੱਚੇ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਇਆ।

Leave a Reply

Your email address will not be published. Required fields are marked *

View in English