ਫੈਕਟ ਸਮਾਚਾਰ ਸੇਵਾ
ਦੁਬਈ, ਜੁਲਾਈ 7
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੰਜੋਗ ਗੁਪਤਾ ਨੂੰ ਨਿਯੁਕਤ ਕੀਤਾ ਗਿਆ, ਜੋ ਆਸਟ੍ਰੇਲੀਆਈ ਜਿਓਫ ਐਲਾਰਡਿਸ ਦੀ ਥਾਂ ਲੈਣਗੇ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ।
ਸੰਜੋਗ ਗੁਪਤਾ, ਜੋ ਕਿ ਜੀਓਸਟਾਰ ਵਿਚ ਸੀ.ਈ.ਓ. (ਖੇਡਾਂ ਅਤੇ ਲਾਈਵ ਅਨੁਭਵ) ਵਜੋਂ ਸੇਵਾ ਨਿਭਾਅ ਰਹੇ ਸਨ, ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਭੂਮਿਕਾ ਦਾ ਚਾਰਜ ਸੰਭਾਲਣਗੇ। ਉਹ ਆਈ.ਸੀ.ਸੀ. ਦੇ ਸੱਤਵੇਂ ਸੀ.ਈ.ਓ. ਹੋਣਗੇ। ਦੱਸ ਦੇਈਏ ਕਿ 25 ਦੇਸ਼ਾਂ ਤੋਂ 2,500 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 12 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।