View in English:
July 13, 2025 10:24 pm

ਸੰਜੀਵ ਅਰੋੜਾ ਨੇ ਅਬੋਹਰ ਪਹੁੰਚ ਕੇ ਕੱਪੜਾ ਵਪਾਰੀ ਸੰਜੇ ਵਰਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ

ਫੈਕਟ ਸਮਾਚਾਰ ਸੇਵਾ

ਅਬੋਹਰ , ਜੁਲਾਈ 13

ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਅੱਜ ਇੱਥੇ ਸ਼ਹਿਰ ਦੇ ਪ੍ਰਸਿੱਧ ਵਪਾਰੀ ਸੰਜੇ ਵਰਮਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨਾਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜੀ ਹੈ ਅਤੇ ਹਮੇਸ਼ਾ ਪਰਿਵਾਰ ਦੇ ਨਾਲ ਖੜੀ ਰਹੇਗੀ। ਉਹਨਾਂ ਆਖਿਆ ਕਿ ਲੋਕਾਂ ਦਾ ਇਹ ਇਕੱਠ ਦੱਸਦਾ ਹੈ ਕਿ ਪਰਿਵਾਰ ਨੇ ਸਮਾਜ ਵਿੱਚ ਵਿਚਰਦਿਆਂ ਕੀ ਕਮਾਈ ਕੀਤੀ ਹੈ।

ਸੰਜੀਵ ਅਰੋੜਾ ਨੇ ਵਿਸ਼ਵਾਸ ਦਵਾਇਆ ਕਿ ਇਸ ਘਿਨੌਣੇ ਅਪਰਾਧ ਵਿੱਚ ਜੋ ਕੋਈ ਵੀ ਸ਼ਾਮਿਲ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੁਲਿਸ ਵਿਭਾਗ ਦੀਆਂ ਵੱਖ ਵੱਖ ਟੀਮਾਂ ਲਗਾਤਾਰ ਜਾਂਚ ਕਰ ਰਹੀਆਂ ਹਨ ਅਤੇ ਸਰਕਾਰ ਵੱਲੋਂ ਸਖਤ ਹਦਾਇਤ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਜਲਦ ਹੀ ਸਾਰੇ ਦੋਸ਼ੀ ਕਾਬੂ ਕਰਕੇ ਸਲਾਖਾਂ ਪਿੱਛੇ ਭੇਜੇ ਜਾਣਗੇ ਅਤੇ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ। ਉਹਨਾਂ ਕਿਹਾ ਕਿ ਗੈਂਗਸਟਰਵਾਦ ਦੇ ਖਿਲਾਫ ਪੰਜਾਬ ਸਰਕਾਰ ਦੀ ਜੀਰੋ ਟੋਲਰੈਂਸ ਨੀਤੀ ਹੈ।। ਇਸ ਮੌਕੇ ਉਨਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੌਕਾ ਕਿਸੇ ਪ੍ਰਕਾਰ ਦੀ ਸਿਆਸਤ ਕਰਨ ਦਾ ਨਹੀਂ ਹੈ ਸਗੋਂ ਇਸ ਦੁੱਖ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ ।
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਸਾਬਕਾ ਵਿਧਾਇਕ ਅਰੁਣ ਨਾਰੰਗ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਗੁਰਮੀਤ ਸਿੰਘ, ਟ੍ਰੇਡਰਜ ਕਮਿਸ਼ਨ ਦੇ ਮੈਂਬਰ ਅਤੁਲ ਨਾਗਪਾਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

View in English