ਫੈਕਟ ਸਮਾਚਾਰ ਸੇਵਾ
ਪਟਿਆਲਾ, ਜੁਲਾਈ 25
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਅੰਦਰ ਨਿਜੀ ਸਕੂਲਾਂ ‘ਚ ਸੇਫ਼ ਸਕੂਲ ਵਾਹਨ ਨੀਤੀ ਅਮਲੀ ਰੂਪ ‘ਚ ਲਾਗੂ ਕਰਨ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਸੇਫ਼ ਵਾਹਨ ਕਮੇਟੀ ਵੱਲੋਂ ਅੱਜ ਨਾਰਾਇਣ ਪਬਲਿਕ ਸਕੂਲ ਦੀ ਇੱਕ ਬੱਸ ਸੇਫ਼ ਸਕੂਲ ਵਾਹਨ ਨੀਤੀ ਦੀ ਉਲੰਘਣਾ ਕਰਨ ‘ਤੇ ਜ਼ਬਤ ਕੀਤੀ ਗਈ। ਇਸ ਟੀਮ ਵੱਲੋਂ ਸਕੂਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਹੈ।
ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ (ਮੇਜਰ ਰਿਟਾ.) ਨੇ ਦੱਸਿਆ ਕਿ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਸਹਾਇਕ ਟਰਾਂਸਪੋਰਟ ਅਫ਼ਸਰ ਮਨਪ੍ਰੀਤ ਕੌਰ ਅਤੇ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਨਿਜੀ ਸਕੂਲ ਦੇ ਵਾਹਨਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਟੀਮ ਨੇ ਨਿਜੀ ਸਕੂਲ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀ ਸਕੂਲ ਆਉਣ-ਜਾਣ ਸਮੇਂ ਸੁਰੱਖਿਅਤ ਆਵਾਜਾਈ ਯਕੀਨੀ ਬਨਾਉਣ ਲਈ ‘ਸੇਫ਼ ਸਕੂਲ ਵਾਹਨ ਪਾਲਿਸੀ’ ਨੂੰ ਅਮਲੀ ਰੂਪ ‘ਚ ਲਾਗੂ ਕਰਨ ਲਈ ਕਿਹਾ ਹੈ।
ਐਸ.ਡੀ.ਐਮ ਨੇ ਕਿਹਾ ਕਿ ਸਕੂਲ ਮੁਖੀ ਸੇਫ਼ ਸਕੂਲ ਵਾਹਨ ਨੀਤੀ ਨੂੰ ਹਰ ਹਾਲ ‘ਚ ਲਾਗੂ ਕਰਨਾ ਯਕੀਨੀ ਬਨਾਉਣ ਅਤੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਤੌਰ ‘ਤੇ ਟਰਾਂਸਪੋਰਟ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਟਰਾਂਸਪੋਟਰਾਂ ਸਮੇਤ ਸਕੂਲ ਆਪਣੇ ਵਾਹਨਾਂ ‘ਚ ਰਹਿੰਦੀਆਂ ਕਮੀਆਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਪੂਰਾ ਕਰਨਾ ਯਕੀਨੀ ਬਣਾਉਣ। ਜੇਕਰ ਇਸ ਨੀਤੀ ਨੂੰ ਲਾਗੂ ਕਰਨ ‘ਚ ਕੋਈ ਸਕੂਲ ਅਣਗਹਿਲੀ ਵਰਤਦਾ ਹੈ ਤਾਂ ਪ੍ਰਿੰਸੀਪਲ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਮੁਤਾਬਕ ਡਰਾਇਵਰ ਦੀ ਨੇਮ ਪਲੇਟ ਤੇ ਵਰਦੀ, ਮਹਿਲਾ ਅਟੈਂਡੈਂਟ, ਮੁਢਲੀ ਸਹਾਇਤਾ ਬਕਸੇ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ ਕੈਮਰੇ, ਓਵਰ-ਲੋਡਿੰਗ ਨਾ ਹੋਣਾ ਸਮੇਤ ਹੋਰ ਬੇਨਿਯਮੀਆਂ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਨਰਾਇਣ ਪਬਲਿਕ ਸਕੂਲ ਦੀਆਂ ਤਿੰਨ ਬੱਸਾਂ ‘ਚੋਂ ਇੱਕ ਬੱਸ ਸਕੂਲ ਦੀ ਆਪਣੀ ਹੈ ਅਤੇ ਦੋ ਬੱਸਾਂ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਸਨ, ਜਿਨ੍ਹਾਂ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਤੇ ਇੱਕ ਬੱਸ ਜ਼ਬਤ ਕੀਤੀ ਗਈ ਹੈ ਤੇ ਇਸ ਬਾਰੇ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਹੈ ਤੇ ਸਕੂਲ ਨੂੰ ਨੋਟਿਸ ਕੱਢਿਆ ਗਿਆ ਹੈ।