ਫੈਕਟ ਸਮਾਚਾਰ ਸੇਵਾ
ਦਸੰਬਰ 11
ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਪ੍ਰਦੇਸ਼ ਦੇ 15ਵੇਂ ਮੁੱਖ ਮੰਤਰੀ ਬਣੇ ਹਨ। ਸੁਖਵਿੰਦਰ ਸਿੰਘ ਸੁੱਖੂ ਨੇ ਰਿਜ ਮੈਦਾਨ ਵਿਖੇ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸੁੱਖੂ ਦੇ ਨਾਲ-ਨਾਲ ਮੁਕੇਸ਼ ਅਗਨੀਹੋਤਰੀ ਨੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੁਲਿਸ ਦਾ ਘੇਰਾ ਚਾਰੇ ਪਾਸੇ ਸਖ਼ਤ ਰਿਹਾ। ਇਸ ਦੌਰਾਨ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਨਾਲ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਸਨ।
ਸਾਬਕਾ ਪੱਤਰਕਾਰ ਅਤੇ ਵਿਧਾਇਕ ਮੁਕੇਸ਼ ਅਗਨੀਹੋਤਰੀ ਨੂੰ ਸੂਬੇ ਦਾ ਉੱਪ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ ਤਿੰਨ ਮੁੱਖ ਮੰਤਰੀ ਰਹੇ ਹਨ। ਇਹਨਾਂ ਵਿੱਚ ਡਾ ਯਸ਼ਵੰਤ ਸਿੰਘ ਪਰਮਾਰ, ਠਾਕੁਰ ਰਾਮਪਾਲ ਸਿੰਘ ਅਤੇ ਵੀਰਭੱਦਰ ਸਿੰਘ ਦੇ ਨਾਮ ਸ਼ਾਮਿਲ ਹਨ। ਇਹ ਤਿੰਨੇ ਸਾਬਕਾ ਮੁੱਖ ਮੰਤਰੀ ਰਾਜਪੂਤ ਭਾਈਚਾਰੇ ਨਾਲ ਸਬੰਧਤ ਸਨ ਅਤੇ ਇਸ ਵਾਰ ਵੀ ਇੱਕ ਰਾਜਪੂਤ ਨੂੰ ਹੀ ਮੁੱਖ ਮੰਤਰੀ ਬਣਾਇਆ ਗਿਆ ਹੈ।
ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕਾਂਗਰਸ ਜੋ ਵਾਅਦੇ ਕਰਕੇ ਸੱਤਾ ਵਿਚ ਆਈ ਹੈ, ਉਹ ਸਾਰੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ‘‘ਮੈਂ ਸਾਰੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਾਂਗਾ ਅਤੇ ਜੇਕਰ ਕੋਈ ਗਲਤੀਆਂ ਹੋਈਆਂ ਤਾਂ ਉਸ ਲਈ ਮਾਫੀ ਵੀ ਮੰਗਾਂਗਾ। ਮੈਂ ਸਾਰੇ ਲੋਕਾਂ ਦੇ ਸਹਿਯੋਗ ਨਾਲ ਸੂਬੇ ਦੇ ਵਿਕਾਸ ਲਈ ਕੰਮ ਕਰਾਂਗਾ।’’
ਸੁੱਖੂ ਵੱਲੋਂ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਮੁਲਾਕਾਤ
ਹਿਮਾਚਲ ਪ੍ਰਦੇਸ਼ ਦੇ ਨਾਮਜ਼ਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਅਤੇ ਹੋਰ ਕਾਂਗਰਸੀ ਆਗੂ ਸ਼ਿਮਲਾ ਵਿੱਚ ਮੁੱਖ ਮੰਤਰੀ ਨਿਵਾਸ ‘ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਮਿਲੇ ਸਨ।
ਸੁਖਵਿੰਦਰ ਸੁੱਖੂ ਨੇ ਗਾਂਧੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਮੁਕੇਸ਼ ਅਗਨੀਹੋਤਰੀ ਨੂੰ ਆਪਣਾ ਛੋਟਾ ਭਰਾ ਦੱਸਿਆ।ਪਹਿਲਾਂ ਇਹ ਵੀ ਖ਼ਬਰ ਆ ਰਹੀ ਸੀ ਕਿ ਮਰਹੂਮ ਕਾਂਗਰਸੀ ਆਗੂ ਅਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਬੇਟੇ ਅਤੇ ਵਿਧਾਇਕ ਵਿਕਰਮਾ ਦਿੱਤਿਆ ਨੂੰ ਵੀ ਉੱਪ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ, ਪਰ ਅਜਿਹਾ ਨਹੀਂ ਹੋਇਆ।
ਵੀਰਭੱਦਰ ਦੀ ਪਤਨੀ ਪ੍ਰਤਿਭਾਦੇਵੀ ਆਪ ਵੀ ਮੁੱਖ ਮੰਤਰੀ ਦੀ ਦਾਅਵੇਦਾਰ ਸੀ। ਜਦੋਂ ਵਿਧਾਇਕ ਦਲ ਦੀ ਬੈਠਕ ਚੱਲ ਰਹੀ ਸੀ ਪ੍ਰਤਿਭਾ ਦੇ ਸਮਰਥਕ ਬਾਹਰ ਨਾਅਰੇਬਾਜ਼ੀ ਕਰ ਰਹੇ ਸਨ।
ਕਾਂਗਰਸ ਦੇ ਟਕਸਾਲੀ ਆਗੂ
ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਕਾਂਗਰਸ ਦੇ ਟਕਸਾਲੀ ਆਗੂ ਹਨ ਅਤੇ ਉਹ ਸੂਬੇ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ। ਸੁੱਖੂ ਹਿਮਾਚਲ ਦੀ ਨਾਦੌਣ ਸੀਟ ਤੋਂ ਚੌਥੀ ਵਾਰ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚੇ ਹਨ। ਉਹ ਨਾਦੌਣ ਵਿਧਾਨ ਸਭਾ ਹਲਕੇ ਤੋਂ 2003, 2007, 2017 ਅਤੇ 2022 ਵਿਚ ਚੋਣ ਜਿੱਤ ਕੇ ਵਿਧਾਨ ਸਭਾ ਤੱਕ ਪਹੁੰਚੇ ਸਨ।
ਵਿਦਿਆਰਥੀ ਸਿਆਸਤ ਤੋਂ ਸ਼ੁਰੂਆਤ
ਇਨਾਂ ਵਿਧਾਨ ਸਭਾ ਚੋਣਾਂ ਵਿੱਚ ਹਿਮਾਚਲ ਕਾਂਗਰਸ ਦੀ ਚੋਣ ਕਮੇਟੀ ਦੀ ਅਗਵਾਈ ਵੀ ਸੁੱਖੂ ਹੱਥ ਹੀ ਸੀ, ਅਤੇ ਉਹ 15ਵੇਂ ਮੁੱਖ ਮੰਤਰੀ ਬਣੇ ਹਨ। ਸੁੱਖੂ ਨੇ ਆਪਣਾ ਸਿਆਸੀ ਕਰੀਅਰ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ ਅਤੇ ਉਹ ਕਾਂਗਰਸ ਦੇ ਵਿਦਿਆਰਥੀ ਵਿੰਗ ਨੈਸ਼ਲਨ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਸਰਗਰਮ ਆਗੂ ਰਹੇ ਹਨ।
ਸੁਖਵਿੰਦਰ ਸਿੰਘ ਸੁੱਖੂ 1988 ਤੋਂ 1995 ਤੱਕ ਐੱਨਐੱਸਯੂਆਈ ਦੇ ਸੂਬਾ ਪ੍ਰਧਾਨ ਰਹੇ ਹਨ, ਜਦਕਿ 1995 ਵਿਚ ਉਹ ਯੁਵਾ ਕਾਂਗਰਸ ਦੇ ਜਨਰਲ ਸਕੱਤਰ ਬਣੇ ਹਨ। ਇਸ ਤੋਂ ਬਾਅਦ ਸੁੱਖੂ ਕਾਂਗਰਸ ਦੇ ਯੂਥ ਵਿੰਗ ਵਿਚ ਸਰਗਰਮ ਹੋ ਗਏ ਅਤੇ 1998 ਤੋਂ 2008 ਤੱਕ ਹਿਮਾਚਲ ਯੂਥ ਕਾਂਗਰਸ ਦੇ ਪ੍ਰਧਾਨ ਰਹੇ।
ਕਾਂਗਰਸ ਦੀ ਪ੍ਰਧਾਨਗੀ ਤੇ ਪ੍ਰਚਾਰ ਕਮੇਟੀ ਮੁਖੀ
ਸੁੱਖੂ ਸ਼ਿਮਲਾ ਨਗਰ ਨਿਗਮ ਦੇ ਦੋ ਵਾਰ ਮੈਂਬਰ ਵੀ ਬਣ ਰਹੇ ਹਨ। ਸਾਲ 2008 ਵਿਚ ਸੁਖਵਿੰਦਰ ਸੁੱਖੂ ਨੂੰ ਹਿਮਾਚਲ ਕਾਂਗਰਸ ਦਾ ਸੂਬਾਈ ਜਨਰਲ ਸਕੱਤਰ ਬਣਾਇਆ ਗਿਆ। ਜਦਕਿ 8 ਜਨਵਰੀ 2013 ਤੋਂ 19 ਜਨਵਰੀ 2019 ਤੱਕ ਉਹ ਸੂਬਾ ਪ੍ਰਧਾਨ ਰਹੇ।
ਅਪ੍ਰੈਲ 2022 ਵਿਚ ਸੁਖਵਿੰਦਰ ਸਿੰਘ ਸੁੱਖੂ ਨੂੰ ਪਾਰਟੀ ਨੇ ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਟਿਕਟਾਂ ਵੰਡਣ ਵਾਲੀ ਕਮੇਟੀ ਦੇ ਮੈਂਬਰ ਬਣੇ ਸਨ।