View in English:
April 18, 2025 2:49 am

ਸਿਹਤ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਲੂ ਤੋਂ ਖੁਦ ਨੂੰ ਬਚਾ ਕੇ ਰੱਖਣ ਦੀ ਸਲਾਹ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 9

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ’ਤੇ, ਸਿਹਤ ਵਿਭਾਗ ਨੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਲੂਅ (ਹੀਟਵੇਵ)ਤੋਂ ਲੋਕਾਂ ਨੂੰ ਬਚ ਕੇ ਰਹਿਣ ਲਈ ਸਾਵਧਾਨੀਆਂ/ਪਰਹੇਜ਼ਾਂ ਦੀ ਵਿਸਥਾਰਿਤ ਸੂਚੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ, ਹੀਟਵੇਵ ਉਦੋਂ ਕਹੀ ਜਾਂਦੀ ਹੈ, ਜਦੋਂ ਕਿਸੇ ਸਮਤਲ ਖੇਤਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਹੋ ਜਾਵੇ ਜਾਂ ਸਾਧਾਰਨ ਤਾਪਮਾਨ ਵਿੱਚ 4.5 ਤੋਂ 6.4 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਜਾਵੇ। ਇਹ ਉੱਚ ਤਾਪਮਾਨ, ਸਾਡੇ ਸਰੀਰ ਦੀ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਖਰਾਬ ਕਰਕੇ ਗਰਮੀ ਸਬੰਧੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਸਾਰੇ ਸਿਵਲ ਸਰਜਨਾਂ, ਨੂੰ ਇਹ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੇ ਹਸਪਤਾਲ ਗਰਮੀ ਦੀ ਮਾਰ ਤੋਂ ਪੀੜਤ ਮਰੀਜ਼ਾਂ ਦੇ ਸੁਚੱਜੇ ਪ੍ਰਬੰਧਨ ਲਈ ਪੂਰੀ ਤਰ੍ਹਾਂ ਲੈਸ ਹੋਣ। ਇਸ ਤੋਂ ਇਲਾਵਾ, ਜ਼ਿਲ੍ਹਾ ਹਸਪਤਾਲਾਂ ਤੋਂ ਲੈ ਕੇ ਸੀ.ਐਚ.ਸੀ. ਪੱਧਰ ਅਤੇ ਪੀ.ਐਚ.ਸੀ. ਤੱਕ ਲੋੜੀਂਦੇ ਬੈੱਡ ਰਾਖਵੇਂ ਕੀਤੇ ਗਏ ਹਨ ਜਿੱਥੇ 24 ਘੰਟੇ ਸਿਹਤ ਸੇਵਾਵਾਂ ਉਪਲਬਧ ਹਨ।

ਉਨ੍ਹਾਂ ਕਿਹਾ ਕਿ ‘‘ਦਰੁਸਤ ਡਾਇਗਨਾਜ਼ ਦੇ ਨਾਲ-ਨਾਲ ਗਰਮੀ ਨਾਲ ਸਬੰਧਤ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਅਫਸਰਾਂ ਅਤੇ ਮਾਹਿਰਾਂ ਨੂੰ ਰਿਫਰੈਸ਼ਰ ਸਿਖਲਾਈ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਗਈ ਹੈ।’’ ਸਿਵਲ ਸਰਜਨਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਆਸ਼ਾ ਵਰਕਰਾਂ ਸਮੇਤ ਸਾਰੇ ਪੈਰਾ- ਮੈਡੀਕਲ ਸਟਾਫ ਨੂੰ ਸਿਖਲਾਈ ਦਿੱਤੀ ਜਾਵੇ ਅਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੂਅ ਸੰਬੰਧੀ ਐਡਵਾਈਜ਼ਰੀ ਹਰੇਕ ਤੱਕ ਪਹੁੰਚੇ। ਉਨ੍ਹਾਂ ਸਲਾਹ ਦਿੱਤੀ ਕਿ ਟੀਵੀ, ਰੇਡੀਓ, ਅਖ਼ਬਾਰਾਂ ਆਦਿ ਰਾਹੀਂ ਸਥਾਨਕ ਮੌਸਮ ਦੀਆਂ ਖ਼ਬਰਾਂ ਵੱਲ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ, ਮੌਸਮ ਵਿਭਾਗ ਦੀ ਵੈੱਬਸਾਈਟ ਤੋਂ ਮੌਸਮ ਦੀ ਤਾਜ਼ਾ–ਤਰੀਨ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਗੰਭੀਰ ਗਰਮੀ ਦੀ ਲਹਿਰ ਦੀਆਂ ਸਥਿਤੀਆਂ ਵਿੱਚ ਭਵਿੱਖਬਾਣੀਆਂ ਮੁਤਾਬਿਕ ਹੀ ਆਪਣੀਆਂ ਰੋਜ਼ਮਰਾਹ ਗਤੀਵਿਧੀਆਂ ਉਲੀਕਣੀਆਂ ਚਾਹੀਦਆਂ ਹਨ ਤਾਂ ਜੋ ਗਰਮੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵਜੰਮੇ ਬੱਚੇ, ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗ ਵਿਅਕਤੀ, ਮਜ਼ਦੂਰ, ਮੋਟੇ ਵਿਅਕਤੀ, ਕਿਸੇ ਵੀ ਕਿਸਮ ਦੀ ਮਾਨਸਿਕ ਬਿਮਾਰੀ ਵਾਲੇ ਅਤੇ ਘੱਟ ਇਮਿਊਨਿਟੀ ਵਾਲੇ ਵਿਅਕਤੀ ਖਾਸ ਕਰਕੇ ਦਿਲ ਦੀਆਂ ਬਿਮਾਰੀਆਂ ਜਾਂ ਹਾਈਪਰਟੈਨਸ਼ਨ ਤੋਂ ਪੀੜਤ ਵਿਅਕਤੀਆਂ ਨੂੰ ਐਡਵਾਈਜ਼ਰੀ ਦੀ ਵਧੇਰੇ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਲੂਅ ਦੀ ਲਪੇਟ ਵਿੱਚ ਆਉਣ ਦਾ ਖਤਰਾ ਜ਼ਿਆਦਾ ਹੁੰਦਾ ਹੈ।

Leave a Reply

Your email address will not be published. Required fields are marked *

View in English