ਫੈਕਟ ਸਮਾਚਾਰ ਸੇਵਾ
ਪਟਿਆਲਾ, ਸਤੰਬਰ 3
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਵੱਡੀ ਨਦੀ ਦਾ ਜਾਇਜ਼ਾ ਲੈਂਦਿਆਂ ਰਾਜਪੁਰਾ ਰੋਡ ਪੁਲ, ਹੀਰਾ ਬਾਗ, ਕਬਾੜੀ ਮਾਰਕੀਟ, ਦੌਲਤਪੁਰ ਤੇ ਫਲੌਲੀ ਦਾ ਦੌਰਾ ਕਰਕੇ ਪਾਣੀ ਦੀ ਮੌਜੂਦਾ ਸਥਿਤੀ ਅਤੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਇਲਾਕੇ ਦੇ ਕੌਂਸਲਰ ਕੁਲਵੰਤ ਸਿੰਘ ਲਾਲਕਾ, ਏ.ਡੀ.ਸੀ. ਨਵਰੀਤ ਕੌਰ ਸੇਖੋਂ, ਏ.ਸੀ.ਏ. ਪੀਡੀਏ ਜਸ਼ਨਪ੍ਰੀਤ ਕੌਰ ਗਿੱਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸਿਹਤ ਮੰਤਰੀ ਨੇ ਪਟਿਆਲਾ ਸ਼ਹਿਰ, ਅਰਬਨ ਅਸਟੇਟ ਤੇ 2023 ‘ਚ ਆਏ ਹੜ੍ਹਾਂ ਵਾਲੀਆਂ ਕਲੋਨੀਆਂ ਦੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਪਿਛਲੀ ਵਾਰ ਹੜ੍ਹਾਂ ਦੇ ਬਣੇ ਕਾਰਨਾਂ ਨੂੰ ਠੀਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਲੌਲੀ ਨੇੜੇ ਖੱਪੇ ਨੂੰ ਭਰਿਆ ਗਿਆ ਹੈ ਅਤੇ ਉਹ ਖ਼ੁਦ ਕਈ ਵਾਰ ਵੱਡੀ ਨਦੀ ਦਾ ਦੌਰਾ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕਰ ਚੁੱਕੇ ਹਨ ਅਤੇ ਇਲਾਕੇ ਦੇ ਲੋਕਾਂ ਨੇ ਵੀ ਇਸ ਵਾਰ ਵੱਡੀ ਨਦੀ ਤੇ ਪ੍ਰਬੰਧਾਂ ਉਪਰ ਤਸੱਲੀ ਜਤਾਈ ਹੈ।
ਫਲੌਲੀ ਵਿਖੇ ਲੋਕਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਉਹ ਮੁਹਾਲੀ ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਤਾਲਮੇਲ ਰੱਖਣ ਸਮੇਤ ਮੌਸਮ ‘ਤੇ ਵੀ ਨਜ਼ਰ ਰੱਖ ਰਹੇ ਹਨ ਅਤੇ ਹਾਲ ਦੀ ਘੜੀ ਨਦੀ ‘ਚ ਪਾਣੀ ਦਾ ਪੱਧਰ ਚਾਰ ਫੁੱਟ ਤੋਂ ਹੇਠਾਂ ਹੈ। ਉਨ੍ਹਾਂ ਨੇ ਲੋਕਾਂ ਨੂੰ ਤਸੱਲੀ ਦਿੱਤੀ ਕਿ ਅਰਬਨ ਅਸਟੇਟ ਤੇ ਸ਼ਹਿਰ ਦੀਆਂ ਹੋਰ ਕਲੋਨੀਆਂ ਵਿੱਚ 2023 ਦੀ ਤਰ੍ਹਾਂ ਵਾਲਾ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਫਿਰ ਵੀ ਅਹਿਤਆਤ ਵਜੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਪਈ ਬਰਸਾਤ ਕਾਰਨ ਜਿੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਆਏ ਹਨ, ਉਥੇ ਹੀ ਪਟਿਆਲਾ ਦੇ ਘੱਗਰ, ਟਾਂਗਰੀ ਤੇ ਮਾਰਕੰਡਾ ਨਦੀਆਂ ਵੀ ਪਾਣੀ ਦੀਆਂ ਭਰੀਆਂ ਹੋਈਆਂ ਹਨ ਪਰੰਤੂ ਵੱਡੀ ਨਦੀ ‘ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ, ਇਸ ਲਈ ਪਟਿਆਲਾ ਵਾਸੀ ਘਬਰਾਹਟ ਵਿੱਚ ਨਾ ਆਉਣ।
ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਹਨ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਵੱਡੀ ਨਦੀ ਦੇ ਬੰਨਾਂ ਨੂੰ ਮਜਬੂਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਨਿੱਜੀ ਤੌਰ ਉੱਤੇ ਚੱਲ ਰਹੇ ਕੰਮ ਦਾ ਹਰੇਕ ਹਫਤੇ ਜਾਇਜਾ ਲੈਣਾ ਇਲਾਕਾ ਨਿਵਾਸੀਆਂ ਦਾ ਮਨੋਬਲ ਵਧਾਉਂਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ‘ਚੋਂ ਲੰਘਦੇ ਨਦੀਆਂ ਤੇ ਨਾਲਿਆਂ ਦੀ 24 ਘੰਟੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਤੇ ਐਮਰਜੈਂਸੀ ਰਿਸਪਾਂਸ ਟੀਮਾਂ ਵੀ ਬਣਾਈਆਂ ਗਈਆਂ ਹਨ ਤੇ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ਅਤੇ 2358550 ਵੀ 24 ਘੰਟੇ ਕਾਰਜਸ਼ੀਲ ਹਨ।