ਫੈਕਟ ਸਮਾਚਾਰ ਸੇਵਾ
ਪਟਿਆਲਾ, ਮਾਰਚ 3
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਜਮਾਂਦਰੂ ਸੁਣਨ ਤੇ ਬੋਲਣ ਤੋਂ ਅਸਮਰੱਥ ਬੱਚਿਆਂ ਦੇ ਮਾਪਿਆਂ ਨੂੰ ਅਜਿਹੇ ਬੱਚਿਆਂ ਦੇ ਮੁਫ਼ਤ ਇਲਾਜ ਲਈ ਫ਼ੌਰੀ ਸਰਕਾਰੀ ਰਜਿੰਦਰਾ ਹਸਪਤਾਲ ‘ਚ ਆਉਣ ਦਾ ਸੱਦਾ ਦਿੱਤਾ ਹੈ। ਸਿਹਤ ਮੰਤਰੀ ਇੱਥੇ ਰਾਜਿੰਦਰਾ ਹਸਪਤਾਲ ਵਿਖੇ ਪਹਿਲੀ ਸਫ਼ਲ ਕੋਕਲੀਅਰ ਇੰਪਲਾਂਟ ਸਰਜਰੀ ਦੀ ਲਾਭਪਾਤਰੀ 4 ਸਾਲਾ ਬੱਚੀ ਅਤੇ ਉਸ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਪੁੱਜੇ ਹੋਏ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਰਜਿੰਦਰਾ ਹਸਪਤਾਲ ‘ਚ ਮਾਹਰ ਡਾਕਟਰ ਤਾਂ ਮੌਜੂਦ ਸਨ, ਪਰੰਤੂ ਸਾਜੋ-ਸਮਾਨ ਦੀ ਕਮੀ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਪੂਰਾ ਕਰਕੇ ਅਜਿਹੇ ਪ੍ਰਬੰਧ ਕੀਤੇ ਹਨ, ਕਿ ਹੁਣ ਵੈਂਟੀਲੇਟਰ ਜਾਂ ਤਕਨੀਕੀ ਸਾਧਨਾਂ ਦੀ ਘਾਟ ਕਰਕੇ ਕਿਸੇ ਮਰੀਜ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਜਾਂ ਪੀ.ਜੀ.ਆਈ. ਨਹੀਂ ਜਾਣਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਜਮਾਂਦਰੂ ਗੁੰਗੇ-ਬਹਿਰੇ ਬੱਚਿਆਂ ਦੇ 10 ਤੋਂ 12 ਲੱਖ ਰੁਪਏ ਦੇ ਮਹਿੰਗੇ ਇਲਾਜ ਲਈ ਰਜਿੰਦਰਾ ਹਸਪਤਾਲ ‘ਚ ਈ.ਐਨ.ਟੀ. ਦੇ ਮਾਹਰ ਡਾਕਟਰ ਤਾਂ ਸਨ ਪਰੰਤੂ ਆਡੀਓਮੀਟਰੀ, ਪੈਰਾ, ਸਪੀਚ ਥ੍ਰੈਪਿਸਟ ਤੇ ਹੋਰ ਤਕਨੀਕੀ ਸਾਜੋ-ਸਮਾਨ ਦੀ ਘਾਟ ਸੀ, ਜਿਸ ਨੂੰ ਤੁਰੰਤ ਪੂਰਾ ਕੀਤਾ ਗਿਆ ਹੈ ਅਤੇ ਹੁਣ ਇਸ ਸਰਜਰੀ ਦੀ ਸਹੂਲਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮੁਹੱਈਆ ਹੋ ਗਈ ਹੈ।
ਸਮਾਣਾ ਨੇੜਲੇ ਪਿੰਡ ਕੁਲਾਰਾਂ ਤੋਂ ਆਏ ਬੱਚੀ ਗੁਨੀਤ ਕੌਰ ਦੇ ਮਾਪਿਆਂ ਪਰਮਜੀਤ ਕੌਰ ਤੇ ਜਸਵੀਰ ਦਾਸ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਰਾਜਿੰਦਰਾ ਹਸਪਤਾਲ ਦੇ ਈ.ਐਨ.ਟੀ. ਵਿਭਾਗ ਦੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਉਨ੍ਹਾਂ ਦੀ ਬੱਚੀ ਹੁਣ ਸਦਾ ਲਈ ਗੁੰਗੀ-ਬਹਿਰੇ ਹੋਣ ਦੀ ਅਪੰਗਤਾ ਦਾ ਸ਼ਿਕਾਰ ਨਹੀਂ ਰਹੇਗੀ, ਜਿਸ ਨਾਲ ਉਨ੍ਹਾਂ ਦੀ ਬੱਚੀ ਦਾ ਭਵਿੱਖ ਸੁਨਹਿਰਾ ਹੋ ਗਿਆ ਹੈ।
ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਲਿਵਰ ਤੇ ਗੁਰਦਾ ਟਰਾਂਸਪਲਾਂਟ ਸਮੇਤ ਦਿਲ, ਦਿਮਾਗ ਅਤੇ ਰੀਡ ਦੀ ਹੱਡੀ ਦੇ ਉਪਰੇਸ਼ਨ ਵੀ ਸਰਕਾਰੀ ਹਸਪਤਾਲਾਂ ‘ਚ ਕੀਤੇ ਜਾ ਰਹੇ ਹਨ। ਸਰਕਾਰੀ ਰਜਿੰਦਰਾ ਹਸਪਤਾਲ ਦੇ ਸਾਰੇ ਉਪਰੇਸ਼ਨ ਮੌਡੁਲਰ ਉਪਰੇਸ਼ਨ ਥੀਏਟਰ ਬਣ ਰਹੇ ਹਨ, ਟਰੌਮਾ ਸੈਂਟਰ ਵੀ ਬਣ ਰਿਹਾ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਬਹੁਤ ਵੱਡੀ ਉਪਲਬੱਧੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਕਿ ਸੂਬੇ ਦੇ 3 ਕਰੋੜ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲਣ ਅਤੇ ਸਾਡੇ ਸਰਕਾਰੀ ਹਸਪਤਾਲ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਘੱਟ ਨਾ ਰਹਿਣ। ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਮਿੰਦਰਪਾਲ ਸਿੰਘ ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਈਐਨਟੀ ਵਿਭਾਗ ਦੇ ਮੁਖੀ ਪ੍ਰੋ. (ਡਾ.) ਸੰਜੀਵ ਭਗਤਅਤੇ ਡਾ. ਦਿਨੇਸ਼ ਕੁਮਾਰ ਵੀ ਮੌਜੂਦ ਸਨ।







