View in English:
May 8, 2025 9:16 pm

ਸਿਹਤ ਮੰਤਰੀ ਵੱਲੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੜਕ ਸੁਰੱਖਿਆ ਬਾਰੇ ਅਹਿਮ ਬੈਠਕ

ਫੈਕਟ ਸਮਾਚਾਰ ਸੇਵਾ

ਪਟਿਆਲਾ, ਮਈ 8

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਟਿੱਪਰਾਂ ਤੇ ਸਕੂਲ ਬੱਸਾਂ ਵੱਲੋਂ ਸਪੀਡ ਲਿਮਿਟ ਦੀ ਉਲੰਘਣਾ ਕਰਨ ‘ਤੇ ਜ਼ੀਰੋ ਟਾਲਰੈਂਸ ਦੀ ਨੀਤੀ ਸਖ਼ਤੀ ਨਾਲ ਆਪਣਾਈ ਜਾਵੇ। ਬੀਤੇ ਦਿਨ ਸਮਾਣਾ ਦੇ ਸਕੂਲੀ ਬੱਚਿਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਮੰਤਰੀ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਪੀ. ਵੈਭਵ ਚੌਧਰੀ, ਆਰ.ਟੀ.ਏ ਨਮਨ ਮਾਰਕੰਨ ਸਮੂਹ ਐਸ.ਡੀ.ਐਮਜ ਤੇ ਡੀ.ਐਸ.ਪੀ. ਟ੍ਰੈਫਿਕ ਸਮੇਤ ਹੋਰ ਹੋਰ ਸਬੰਧਤ ਵਿਭਾਗਾਂ ਨਾਲ ਸੜਕ ਸੁਰੱਖਿਆ ਬਾਰੇ ਇੱਕ ਅਹਿਮ ਬੈਠਕ ਕੀਤੀ। ਮੀਟਿੰਗ ਦੌਰਾਨ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਮੌਤ ਦਾ ਸੋਗ ਮਨਾਉਂਦੇ ਹੋਏ ਦੋ ਮਿੰਟ ਦਾ ਮੌਨ ਰੱਖਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਡਾ. ਬਲਬੀਰ ਸਿੰਘ ਨੇ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਸਕੂਲ ਵਾਹਨ ਸੁਰੱਖਿਆ ਮਾਪਦੰਡਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਇਸ ਲਈ ਟਿੱਪਰਾਂ ਦੀ ਸਪੀਡ ਸੜਕਾਂ ਉਪਰ ਚੱਲਣ ਸਮੇਂ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤੋਂ ਬਿਨ੍ਹਾਂ ਹਰੇਕ ਟਿੱਪਰ ਵਿੱਚ ਸਪੀਡ ਗਵਰਨਰ ਲੱਗਿਆ ਹੋਵੇ ਤੇ ਸਕੂਲੀ ਬੱਸਾਂ ਵੱਲੋਂ ਵੀ ਸੇਫ਼ ਸਕੂਲ ਵਾਹਨ ਨੀਤੀ ਮੁਤਾਬਕ ਇੱਕ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਸਿਹਤ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਹਦਾਇਤ ਕੀਤੀ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਵੇਰੇ ਸਕੂਲ ਲੱਗਣ ਸਮੇਂ ਅਤੇ ਦੁਪਹਿਰ ਸਕੂਲਾਂ ਦੀ ਛੁੱਟੀ ਦੇ ਸਮੇਂ ਦੌਰਾਨ ਸੜਕਾਂ ਉਪਰ ਟਿੱਪਰ ਨਾ ਚੱਲਣ ਅਤੇ ਜੇਕਰ ਕੋਈ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਲਈ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਸਰਕਾਰ ਉਸਨੂੰ ਵੀ ਨਹੀਂ ਬਖ਼ਸ਼ੇਗੀ। ਉਨ੍ਹਾਂ ਟ੍ਰੈਫਿਕ ਪੁਲਿਸ, ਟਰਾਂਸਪੋਰਟ ਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਰੇ ਟਿੱਪਰ ਤੇ ਟਰੱਕ ਡਰਾਇਵਰਾਂ ਸਮੇਤ ਸਕੂਲੀ ਬੱਸਾਂ ਦੇ ਚਾਲਕਾਂ ਦੀ ਫਿਟਨੈਸ ਜਾਂਚ, ਡੋਪ ਟੈਸਟ ਤੇ ਅੱਖਾਂ ਦੀ ਨਜ਼ਰ ਜਾਂਚ ਸਮੇਤ ਇਨ੍ਹਾਂ ਨੂੰ ਆਵਾਜਾਈ ਨੇਮਾਂ ਦੀ ਟ੍ਰੇਨਿੰਗ ਕਰਵਾਉਣੀ ਵੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਹੋਇਆ ਹਾਦਸਾ ਅਸਹਿ ਹੈ, ਇਸ ਲਈ ਸਮੂਹ ਅਧਿਕਾਰੀ ਇਸ ਗੱਲ ਦੀ ਸਹੁੰ ਚੁੱਕਣ ਕਿ ਉਹ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ, ਕਿਉਂਕਿ ਕਿਸੇ ਦੀ ਵੀ ਜਾਨ ਸੜਕ ਹਾਦਸੇ ਵਿੱਚ ਅਜਾਂਈ ਚਲੀ ਜਾਣੀ ਪਰਿਵਾਰਕ ਮੈਂਬਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ। ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਮੂਹਰੇ ਤੇ ਸੜਕਾਂ ‘ਤੇ ਬਣੇ ਢਾਬਿਆਂ ਦੇ ਦੇਰ ਰਾਤ ਸਮੇਂ ਤੱਕ ਖੁੱਲ੍ਹੇ ਰੱਖਣ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਢਾਬਿਆਂ ਦਾ ਸਮੇਂ ਸਿਰ ਬੰਦ ਕਰਨਾ ਯਕੀਨੀ ਬਣਾਇਆ ਜਾਵੇ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸ਼ਹਿਰ ਵਿੱਚ ਅਤੇ ਲੰਮੇ ਰੂਟ ਦੀਆਂ ਸੜਕਾਂ ਉਪਰ ਸਪੀਡ ਟੇਬਲ ਬਣਨ ਤੇ ਸਪੀਡ ਲਿਮਿਟ ਦੇ ਬੋਰਡ ਥਾਂ-ਥਾਂ ਲਗਾਏ ਜਾਣ। ਉਨ੍ਹਾਂ ਆਰ.ਟੀ.ਏ. ਨੂੰ ਹਦਾਇਤ ਕੀਤੀ ਕਿ ਸਕੂਲੀ ਬੱਸਾਂ ਤੇ ਹੋਰ ਵਾਹਨਾਂ, ਜਿਨ੍ਹਾਂ ਵਿੱਚ ਸਕੂਲੀ ਬੱਚੇ ਜਾਂਦੇ ਹਨ ਸਮੇਤ ਟਿੱਪਰਾਂ ਤੇ ਟਰੱਕਾਂ ਦੀ ਆਵਾਜਾਈ ਨੂੰ ਸਖ਼ਤੀ ਨਾਲ ਚੈਕਿੰਗ ਕਰਕੇ ਹਾਦਸਿਆਂ ਦਾ ਕਾਰਨ ਬਣਨ ਵਾਲੇ ਚਾਲਕਾਂ ਵਿਰੁੱਧ ਸਖ਼ਤੀ ਵਰਤੀ ਜਾਵੇ। ਉਨ੍ਹਾਂ ਨੇ ਸ਼ਹਿਰ ਵਿੱਚ ਸਕੂਲਾਂ ਦੁਆਲੇ ਟ੍ਰੈਫਿਕ ਨੂੰ ਨਿਯਮਤ ਕਰਨ ਲਈ ਇਨ੍ਹਾਂ ਸਕੂਲਾਂ ਦੀ ਛੁੱਟੀ ਦਾ ਸਮਾਂ ਆਪਸ ‘ਚ ਬਦਲਕੇ ਨਿਰਧਾਰਤ ਕਰਨ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ ਹਾਦਸੇ ਮੁੜ ਨਾ ਵਾਪਰਨ ਸਬੰਧੀ ਸਬੰਧਤ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਕੂਲ ਮੁਖੀਆਂ ਨਾਲ ਹਰ ਸਬ ਡਵੀਜਨ ਵਿਖੇ ਬੈਠਕਾਂ ਕਰਕੇ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਵੱਲੋਂ ਸੇਫ਼ ਸਕੂਲ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਜਿਹੜੇ ਮਾਪਿਆਂ ਨੇ ਪ੍ਰਾਈਵੇਟ ਟਰਾਂਸਪੋਰਟ ਲਗਾਈ ਹੋਈ ਹੈ, ਉਨ੍ਹਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ਤੇ ਹਸਪਤਾਲਾਂ ਦੇ ਮਾਮਲੇ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Leave a Reply

Your email address will not be published. Required fields are marked *

View in English