View in English:
July 7, 2024 8:15 am

ਸਿਹਤ ਮੰਤਰੀ ਨੇ ਵੱਡੀ ਨਦੀ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ

ਫੈਕਟ ਸਮਾਚਾਰ ਸੇਵਾ

ਪਟਿਆਲਾ, ਜੁਲਾਈ 4

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈਕੇ ਵੱਡੀ ਨਦੀ ਸਮੇਤ ਪਟਿਆਲਾ ਦਿਹਾਤੀ ਹਲਕੇ ਦੇ ਕੁਝ ਇਲਾਕਿਆਂ ਦਾ ਦੌਰਾ ਕਰਕੇ ਮਾਨਸੂਨ ਦੇ ਮੱਦੇਨਜ਼ਰ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਦੌਰਾਨ ਉਨ੍ਹਾਂ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਦਿੱਤੀਆਂ ਹਦਾਇਤਾਂ ਦਾ ਰੀਵਿਯੂ ਕੀਤਾ ਅਤੇ ਨਾਲ ਹੀ ਬਰਸਾਤ ਦੀ ਸੰਭਾਵਨਾਂ ਦੇ ਚਲਦਿਆਂ ਲੇਬਰ ਤੇ ਮਸ਼ੀਨਾਂ ਆਦਿ ਵਧਾਉਣ ਦੀ ਵੀ ਹਦਾਇਤ ਕੀਤੀ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੌਕੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਪਟਿਆਲਾ ਨੂੰ ਹੜ੍ਹਾਂ ਦੀ ਮਾਰ’ ਆਮ ਤੌਰ ‘ਤੇ ਕਿਹਾ ਜਾਂਦਾ ਹੈ ਪਰੰਤੂ ਪੰਜਾਬ ਸਰਕਾਰ ਹੁਣ ਇਸ ਕਹਾਵਤ ਨੂੰ ਬਦਲ ਦੇਵੇਗੀ ਤੇ ਅਜਿਹੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਨਾਲ ਪਟਿਆਲਵੀਆਂ ਨੂੰ ਕਦੇ ਵੀ ਹੜ੍ਹਾਂ ਤੋਂ ਕੋਈ ਖ਼ਤਰਾ ਨਹੀਂ ਰਹੇਗਾ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਫਲੌਲੀ ਗੁਰਦੁਆਰਾ ਸਾਹਿਬ ਨੇੜੇ ਬੰਨ੍ਹ ਦਾ ਦੌਰਾ ਕਰਕੇ ਜਾਇਜ਼ਾ ਲਿਆ ਹੈ, ਜਿੱਥੇ ਕਿ ਵੱਡੀ ਨਦੀ ‘ਤੇ ਪਾੜ ਪੈਣ ਕਰਕੇ ਅਰਬਨ ਅਸਟੇਟ, ਚਿਨਾਰ ਬਾਗ, ਫਰੈਂਡਜ ਇਨਲੇਵ ਆਦਿ ਵਿੱਚ ਪਾਣੀ ਆਇਆ ਸੀ, ਉਸ ਪਾੜ ਨੂੰ ਪੂਰਕੇ ਮਜ਼ਬੂਤ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨ੍ਹਾਂ ਬਾਕੀ ਦੇ ਬੰਨ੍ਹ ਮਜ਼ਬੂਤ ਕਰਨ ਅਤੇ ਬੂਟੀ ਆਦਿ ਕੱਢਣ ਦੇ ਕੰਮ ਵੀ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਯਤਨਸ਼ੀਲ ਹੈ ਕਿ ਪਟਿਆਲਾ ਕੀ ਰਾਓ ਨਦੀ, ਜੋ ਕਿ ਪਟਿਆਲਾ ਆਕੇ ਵੱਡੀ ਨਦੀ ਬਣ ਜਾਂਦੀ ਹੈ, ਇਸ ਉਪਰ ਚੰਡੀਗੜ੍ਹ, ਮੁਹਾਲੀ ਤੇ ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਝੀਲਾਂ ਤੇ ਖੂਹ ਬਣਾ ਕੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਜਮੀਨ ਹੇਠਲਾ ਪਾਣੀ ਦਾ ਪੱਧਰ ਵਧੇ ਅਤੇ ਹੜ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ।
ਡਾ. ਬਲਬੀਰ ਸਿੰਘ ਨੇ ਫੁਲਕੀਆਂ ਇਨਕਲੇਵ, ਛੋਟੀ ਨਦੀ ਦੇ ਬਿਸ਼ਨ ਨਗਰ ਨੇੜੇ ਪੁਲ, ਵਿਰਕ ਕਲੋਨੀ, ਨਵੇਂ ਬੱਸ ਅੱਡਾ ਨੇੜੇ ਦੌਰਾ ਕੀਤਾ ਅਤੇ ਅਰਬਨ ਅਸਟੇਟ ਵਿਖੇ ਪਾਣੀ ਦੇ ਵਹਾਅ ਵਾਲੀ ਥਾਂ ਤੋਂ ਨਜਾਇਜ਼ ਕਬਜੇ ਹਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਪਿੰਡ ਨੰਦ ਪੁਰ ਕੇਸ਼ੋ ਵਿਖੇ ਪਟਿਆਲਾ ਕੀ ਰਾਓ ਦੀ ਸਫਾਈ ਤੇ ਛੱਪੜ ‘ਤੇ ਚੱਲ ਰਹੇ ਕੰਮ ਸਮੇਤ ਪਿੰਡ ਬਾਰਨ ਵਿਖੇ ਵੀ ਛੱਪੜ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਤੇ ਬਬਨਦੀਪ ਸਿੰਘ ਵਾਲੀਆ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ, ਕਰਨਲ ਜੇ.ਵੀ ਸਿੰਘ ਤੇ ਜਸਬੀਰ ਸਿੰਘ ਗਾਂਧੀ, ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਪਿਯੂਸ਼ ਅਗਰਵਾਲ ਤੋਂ ਇਲਾਵਾ ਮੰਡੀ ਬੋਰਡ, ਜੰਗਲਾਤ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *

View in English