ਫੈਕਟ ਸਮਾਚਾਰ ਸੇਵਾ
ਪਟਿਆਲਾ, ਅਪ੍ਰੈਲ 24
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਹਿਲਗਾਮ ਵਿਖੇ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਜਖ਼ਮੀਆਂ ਦੀ ਸਿਹਤਯਾਬੀ ਅਤੇ ਮ੍ਰਿਤਕਾਂ ਦੀ ਆਤਮਾਂ ਦੀ ਸ਼ਾਂਤੀ ਲਈ ਕਾਮਨਾ ਕੀਤੀ।
ਸਿਹਤ ਮੰਤਰੀ ਨੇ ਮੰਦਿਰ ਵਿਖੇ ਨਤਮਸਤਕ ਹੋਣ ਬਾਅਦ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ 140 ਕਰੋੜ ਦੇਸ਼ ਵਾਸੀਆਂ ਦੇ ਹਿਰਦੇ ਵਲੂੰਦਰੇ ਗਏ ਹਨ, ਨਿਹੱਥੇ ਸੈਲਾਨੀਆਂ ਉਤੇ ਹਮਲੇ ਕਾਰਨ ਪੀੜਤਾਂ ਨੇ ਆਪਣੇ ਪਰਿਵਾਰਾਂ ਨੂੰ ਖੋ ਲਿਆ, ਜਿਸ ਕਰਕੇ ਸਾਰਾ ਦੇਸ਼ ਇਸ ਵੇਲੇ ਇਕੱਠਾ ਹੈ ਅਤੇ ਸਾਰੀ ਦੁਨੀਆਂ ਨੇ ਇਸ ਘਿਨੌਣੀ ਹਰਕਤ ਦੀ ਨਿੰਦਾ ਕੀਤੀ ਹੈ ਅਤੇ ਇਹ ਮਨੁੱਖਤਾ ਵਿਰੁੱਧ ਇੱਕ ਘੋਰ ਅਪਰਾਧ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦਹਿਸ਼ਤੀ ਹਮਲੇ ਪਿੱਛੇ ਸ਼ਕਤੀਆਂ ਦਾ ਪੂਰਾ ਦੇਸ਼ ਇਕੱਠਾ ਹੋਕੇ ਮੁਕਾਬਲਾ ਕਰੇਗਾ ਤੇ ਅਜਿਹੇ ਦਹਿਸ਼ਤਪਸੰਦਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਹਮਲੇ ਵਿੱਚ ਸੈਲਾਨੀਆਂ ਦੇ ਨਾਲ ਇੱਕ ਪੋਨੀਵਾਲੇ ਆਦਿਲ ਨੇ ਵੀ ਆਪਣੀ ਜਾਨ ਗਵਾਈ ਹੈ ਅਤੇ ਸਾਰਾ ਕਸ਼ਮੀਰ ਪਹਿਲੀ ਵਾਰ ਅੱਤਵਾਦੀਆਂ ਦੇ ਖ਼ਿਲਾਫ਼ ਉਠਕੇ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਬੁਰਾਈ ਵਿਰੁੱਧ ਇਕੱਠਾ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨੇ ਵੀ ਆਲ ਪਾਰਟੀ ਮੀਟਿੰਗ ਸੱਦੀ ਹੈ, ਸਾਰਾ ਦੇਸ਼ ਇਕਜੁੱਟਤਾ ਨਾਲ ਅੱਤਵਾਦ ਦੀ ਬੁਰਾਈ ਨੂੰ ਜੜੋਂ ਖ਼ਤਮ ਕਰੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਮਾਤਾ ਰਾਣੀ ਦੇ ਚਰਨਾਂ ‘ਚ ਅਰਦਾਸ ਕੀਤੀ ਹੈ ਕਿ ਸਾਨੂੰ ਉਹ ਬਲ ਬਖ਼ਸ਼ੇ ਤਾਂ ਕਿ ਅਸੀਂ ਦੁਨੀਆਂ ਵਿੱਚੋਂ ਅੱਤਵਾਦ ਦਾ ਖਾਤਮਾ ਕਰ ਸਕੀਏ। ਉਨ੍ਹਾਂ ਕਿਹਾ ਕਿ ਦੁਸ਼ਮਣ ਤਾਕਤਾਂ ਹਮੇਸ਼ਾ ਮੌਕੇ ਦੀ ਤਾਕ ਵਿੱਚ ਰਹਿੰਦੀਆਂ ਹਨ, ਪਰੰਤੂ ਅਜਿਹੀਆਂ ਤਾਕਤਾਂ ਆਪਸੀ ਭਾਈਚਾਰੇ ਤੇ ਪਿਆਰ ਨੂੰ ਹਰਾ ਨਹੀਂ ਸਕਣਗੀਆਂ ਤੇ ਅਸੀਂ ਪੂਰੇ ਦੇਸ਼ ਵਾਸੀ ਮਿਲਕੇ ਇਸ ਹਮਲੇ ਦਾ ਜਵਾਬ ਦੇਵਾਂਗੇ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਪੂਰੇ ਦੇਸ਼ ਵਿੱਚ ਦੁੱਖ ਦੀ ਘੜੀ ਹੈ ਅਤੇ ਇਸੇ ਲਈ ਅਸੀਂ ਵੀ ਆਮ ਆਦਮੀ ਪਾਰਟੀ ਵੱਲੋਂ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਹਿਲਾਂ ਹੀ ਇਸ ਵਹਿਸ਼ੀ, ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ। ਮੰਤਰੀ ਦੇ ਨਾਲ ਜਸਬੀਰ ਸਿੰਘ ਗਾਂਧੀ ਤੇ ਹੋਰ ਆਗੂ ਮੌਜੂਦ ਸਨ।